CBSE 10th and 12th Exam: ਦਿੱਲੀ (Delhi) 'ਚ ਸਕੂਲ ਖੁੱਲ੍ਹਣ ਤੋਂ ਬਾਅਦ ਹੁਣ ਸਿੱਖਿਆ ਡਾਇਰੈਕਟੋਰੇਟ ਨੇ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਲਈ ਬੱਚਿਆਂ ਦੀ ਤਿਆਰੀ ਲਈ ਕਮਰ ਕੱਸ ਲਈ ਹੈ। ਸਿੱਖਿਆ ਡਾਇਰੈਕਟੋਰੇਟ ਵੱਲੋਂ ਸ਼ਨੀਵਾਰ ਨੂੰ ਇੱਕ ਮੀਟਿੰਗ ਕੀਤੀ ਗਈ, ਜਿਸ 'ਚ ਦੱਸਿਆ ਗਿਆ ਕਿ ਸੀਬੀਐਸਈ ਦੀ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਅਪ੍ਰੈਲ ਦੇ ਅੰਤ 'ਚ ਹੋਣਗੀਆਂ। ਇਸ ਲਈ ਦਿੱਲੀ ਦੇ ਸਰਕਾਰੀ ਸਕੂਲਾਂ 'ਚ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।


ਮੀਟਿੰਗ 'ਚ ਸਿੱਖਿਆ ਨਿਦੇਸ਼ਕ ਹਿਮਾਂਸ਼ੂ ਗੁਪਤਾ ਸਿੱਖਿਆ ਸਲਾਹਕਾਰ ਸ਼ੈਲੇਂਦਰ ਸ਼ਰਮਾ ਤੇ ਵਧੀਕ ਡਾਇਰੈਕਟਰ (ਸਕੂਲ) ਰੀਟਾ ਸ਼ਰਮਾ ਨੇ ਸਮੂਹ ਸਕੂਲਾਂ ਦੇ ਮੁਖੀਆਂ ਨਾਲ ਪ੍ਰੀਖਿਆਵਾਂ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਜਾਣਕਾਰੀ ਮੁਤਾਬਕ ਲੰਬੇ ਸਮੇਂ ਤੱਕ ਆਨਲਾਈਨ ਕਲਾਸਾਂ ਲੈਣ ਤੋਂ ਬਾਅਦ ਆਫ਼ਲਾਈਨ ਮੋਡ 'ਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਬਿਹਤਰ ਬਣਾਉਣ ਲਈ ਪ੍ਰੈਕਟੀਕਲ ਕਲਾਸਾਂ ਤੇ ਹੈਂਡਸ ਆਨ ਲਰਨਿੰਗ 'ਤੇ ਧਿਆਨ ਦਿੱਤਾ ਜਾਵੇਗਾ।

ਜਾਣੋ ਕੁਝ ਜ਼ਰੂਰੀ ਗੱਲਾਂ...
ਅਧਿਆਪਕਾਂ ਵੱਲੋਂ ਹਰੇਕ ਬੱਚੇ ਵੱਲ ਵਿਅਕਤੀਗਤ ਤੌਰ ’ਤੇ ਧਿਆਨ ਦਿੱਤਾ ਜਾਵੇਗਾ ਤਾਂ ਜੋ ਬੱਚਿਆਂ ਦੀ ਬਿਹਤਰੀ ਵੱਲ ਧਿਆਨ ਦਿੱਤਾ ਜਾ ਸਕੇ।

ਸਕੂਲ ਮੁਖੀ ਅਧਿਆਪਕਾਂ ਨਾਲ ਰੋਜ਼ਾਨਾ ਸਮੀਖਿਆ ਮੀਟਿੰਗ ਕਰਨਗੇ ਤਾਂ ਜੋ ਵਿਦਿਆਰਥੀਆਂ ਦੀਆਂ ਸਿੱਖਣ ਦੀਆਂ ਲੋੜਾਂ ਨੂੰ ਸਮਝਿਆ ਜਾ ਸਕੇ ਤੇ ਉਨ੍ਹਾਂ ਨੂੰ ਪੂਰਾ ਕੀਤਾ ਜਾ ਸਕੇ।

ਸਕੂਲ ਮੁਖੀ ਬੱਚਿਆਂ ਦੀਆਂ ਸਿੱਖਣ ਦੀਆਂ ਲੋੜਾਂ ਅਨੁਸਾਰ ਐਸਐਮਸੀ ਫੰਡਾਂ ਵਿੱਚੋਂ ਵਾਧੂ ਰਿਸੋਰਸ ਪਰਸਨਸ ਨੂੰ ਵੀ ਬੁਲਾ ਸਕਣਗੇ।

CBSE ਅਤੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ ਤਿਆਰ ਕੀਤੇ ਸੈਂਪਲ ਪੇਪਰ ਹਰ ਬੱਚੇ ਨੂੰ ਇੱਕ ਪ੍ਰਿੰਟਿਡ ਰੂਪ 'ਚ ਪ੍ਰਦਾਨ ਕੀਤੇ ਜਾਣਗੇ।

ਸਕੂਲਾਂ ਦੇ ਬੰਦ ਹੋਣ ਕਾਰਨ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਤੇ ਪੜ੍ਹਾਈ ਵਿੱਚ ਹੋਣ ਵਾਲੇ ਨੁਕਸਾਨ ਨੂੰ ਸੁਧਾਰਨ ਲਈ ਰੇਮੇਡੀਅਲ ਕਲਾਸਾਂ ਲਗਾਈਆਂ ਜਾਣਗੀਆਂ।

ਵਿਦਿਆਰਥੀਆਂ ਲਈ ਸਿੱਖਿਆ ਵਿਭਾਗ ਦੀ ਵੈੱਬਸਾਈਟ edudel.nic.in 'ਤੇ ਅਕਾਦਮਿਕ ਅਤੇ ਪ੍ਰੀਖਿਆ ਸੈਕਸ਼ਨ 'ਤੇ ਸੈਂਪਲ ਪੇਪਰ ਤੇ ਸਿੱਖਣ ਸਮੱਗਰੀ ਉਪਲੱਬਧ ਹੋਵੇਗੀ, ਜਿੱਥੋਂ ਵਿਦਿਆਰਥੀ ਇਸ ਨੂੰ ਡਾਊਨਲੋਡ ਕਰ ਸਕਦੇ ਹਨ।

ਜਿਹੜੇ ਵਿਦਿਆਰਥੀ ਪਲਾਇਨ ਜਾਂ ਹੋਰ ਕਾਰਨਾਂ ਕਰਕੇ ਸਕੂਲੋਂ ਦੂਰ ਹੋ ਗਏ ਹਨ, ਉਨ੍ਹਾਂ ਨੂੰ ਵਾਪਸ ਲਿਆਉਣ ਲਈ ਯਤਨ ਕੀਤੇ ਜਾਣਗੇ।

ਇਸ ਤੋਂ ਇਲਾਵਾ ਸਿੱਖਿਆ ਨਿਰਦੇਸ਼ਕ ਸੋਮਵਾਰ ਤੋਂ ਜ਼ਿਲ੍ਹਾ ਪੱਧਰੀ ਸਿੱਖਿਆ ਅਧਿਕਾਰੀਆਂ ਤੇ ਸਕੂਲ ਮੁਖੀਆਂ ਨਾਲ ਸਮੀਖਿਆ ਮੀਟਿੰਗ ਕਰਨਗੇ ਤਾਂ ਜੋ ਬੱਚਿਆਂ ਨੂੰ ਵਧੀਆ ਢੰਗ ਨਾਲ ਤਿਆਰ ਕੀਤਾ ਜਾ ਸਕੇ।
 




ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904