India-Pakistan Tension: ਭਾਰਤ-ਪਾਕਿਸਤਾਨ ਵਿਚਾਲੇ ਸਰਹੱਦ 'ਤੇ ਇੱਕ ਵਾਰ ਫਿਰ ਤਣਾਅ ਵਧਣ ਲੱਗਾ ਹੈ। ਭਾਰਤੀ ਆਰਮਡ ਫੋਰਸਿਜ਼ ਦੇ ਚੀਫ ਆਫ ਡਿਫੈਂਸ ਸਟਾਫ (CDS) ਅਨਿਲ ਚੌਹਾਨ ਨੇ ਵੀਰਵਾਰ (8 ਅਗਸਤ) ਨੂੰ ਕਿਹਾ ਕਿ ਪੀਰ ਪੰਜਾਲ ਖੇਤਰ ਵਿੱਚ ਹਰਕਤਾਂ ਅਚਾਨਕ ਵਧ ਗਈਆਂ ਹਨ। ਸੀਡੀਐਸ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਹੋ ਰਹੀ ਹਿੰਸਾ ਕਾਰਨ ਚਿੰਤਾ ਪੈਦਾ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਆਂਢੀ ਮੁਲਕ ਵਿੱਚ ਸੱਤਾ ਤਬਦੀਲੀ ਕਾਰਨ ਦੂਜੇ ਮੁਲਕਾਂ ਨਾਲ ਲੱਗਦੀਆਂ ਸਰਹੱਦਾਂ ’ਤੇ ਪਹਿਲਾਂ ਹੀ ਤਣਾਅ ਬਣਿਆ ਹੋਇਆ ਹੈ।
ਇੰਡੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ, 'ਮਿਲਟਰੀ ਐਮੂਨੀਸ਼ਨ' 'ਤੇ ਦਿੱਲੀ ਵਿੱਚ ਆਯੋਜਿਤ ਇੱਕ ਸੰਮੇਲਨ ਵਿੱਚ ਬੋਲਦੇ ਹੋਏ ਸੀਡੀਐਸ ਅਨਿਲ ਚੌਹਾਨ ਨੇ ਕਿਹਾ, "ਭਾਰਤ ਕੋਲ ਸੁਰੱਖਿਆ ਚੁਣੌਤੀਆਂ ਦਾ ਆਪਣਾ ਹਿੱਸਾ ਹੈ। ਜੰਮੂ-ਕਸ਼ਮੀਰ ਵਿੱਚ ਸ਼ੁਰੂ ਤੋਂ ਹੀ ਪਾਕਿਸਤਾਨ ਦੁਆਰਾ ਛੇੜਿਆ ਗਏ ਪ੍ਰੌਕਸੀ ਯੁੱਧ ਨਾਲ ਨਜਿੱਠ ਰਹੇ ਹਾਂ ਅਤੇ ਹੁਣ ਪੀਰ ਪੰਜਾਲ ਰੇਂਜ ਵਿੱਚ ਅਚਾਨਕ ਵਾਧਾ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਅੱਗੇ ਕਿਹਾ, "ਚੀਨ ਨਾਲ ਲੰਬੇ ਸਮੇਂ ਤੋਂ ਚੱਲ ਰਿਹਾ ਸਰਹੱਦੀ ਵਿਵਾਦ ਅਜੇ ਖਤਮ ਨਹੀਂ ਹੋਇਆ ਹੈ।"
ਬੰਗਲਾਦੇਸ਼ ਹਿੰਸਾ ਦਾ ਜ਼ਿਕਰ ਕਰਦੇ ਹੋਏ CDS ਅਨਿਲ ਚੌਹਾਨ ਨੇ ਕਿਹਾ, "ਅਸੀਂ ਇਸ ਸਮੇਂ ਦੋ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ, ਸਾਡੇ ਗੁਆਂਢ ਵਿੱਚ ਅਸਥਿਰਤਾ ਵੀ ਸਾਡੇ ਲਈ ਚਿੰਤਾ ਦਾ ਇੱਕ ਹੋਰ ਕਾਰਨ ਹੈ। ਭਾਰਤ ਵਰਗੇ ਵੱਡੇ ਦੇਸ਼ ਲਈ ਸੁਰੱਖਿਆ ਨਾਲ ਜੁੜੇ ਬਹੁਤ ਸਾਰੇ ਮੁੱਦੇ ਹਨ। ਉਨ੍ਹਾਂ ਅੱਗੇ ਕਿਹਾ, "ਭਾਰਤ ਵਰਗਾ ਦੇਸ਼ ਲੜਾਈ ਦੇ ਹਥਿਆਰਾਂ ਲਈ ਵਿਦੇਸ਼ੀ ਦਰਾਮਦ 'ਤੇ ਨਿਰਭਰ ਨਹੀਂ ਹੋ ਸਕਦਾ। ਖਾਸ ਤੌਰ 'ਤੇ ਜਦੋਂ ਵਿਸ਼ਵ ਸੁਰੱਖਿਆ ਤੇ ਸ਼ਾਸਨ ਹਮੇਸ਼ਾ ਅਸਥਿਰ ਸਥਿਤੀਆਂ ਦਾ ਸਾਹਮਣਾ ਕਰਦੇ ਹਨ।"
ਸੀਡੀਐਸ ਚੌਹਾਨ ਦਾ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਜੰਮੂ-ਕਸ਼ਮੀਰ 'ਚ ਅੱਤਵਾਦੀ ਘਟਨਾਵਾਂ 'ਚ ਭਾਰੀ ਵਾਧਾ ਹੋਇਆ ਹੈ। ਜੁਲਾਈ ਮਹੀਨੇ 'ਚ ਕਈ ਅੱਤਵਾਦੀ ਘਟਨਾਵਾਂ ਹੋਈਆਂ, ਜਿਸ 'ਚ ਫ਼ੌਜ ਦੇ ਕਈ ਜਵਾਨ ਵੀ ਸ਼ਹੀਦ ਹੋਏ। ਇੰਨਾ ਹੀ ਨਹੀਂ, ਉਨ੍ਹਾਂ ਦਾ ਇਹ ਬਿਆਨ ਵੀ ਅਜਿਹੇ ਸਮੇਂ 'ਚ ਆਇਆ ਹੈ, ਜਦੋਂ ਬੰਗਲਾਦੇਸ਼ ਸਿਆਸੀ ਉਥਲ-ਪੁਥਲ ਦਾ ਸਾਹਮਣਾ ਕਰ ਰਿਹਾ ਹੈ। ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਭਾਰਤ ਵਿੱਚ ਸ਼ਰਨ ਲੈ ਲਈ ਹੈ। ਫਿਲਹਾਲ ਫੌਜ ਨੇ ਬੰਗਲਾਦੇਸ਼ ਦੀ ਕਮਾਨ ਸੰਭਾਲ ਲਈ ਹੈ।