ਨਵੀਂ ਦਿੱਲੀ: ਪੰਜ ਅਪ੍ਰੈਲ ਕੋਵਿਡ-19 ਦੇ ਮਾਮਲਿਆਂ 'ਚ ਵਾਧੇ ਦੇ ਚੱਲਦਿਆਂ ਕੇਂਦਰ ਨੇ 50 ਉੱਚ ਪੱਧਰੀ ਜਨ-ਸਿਹਤ ਟੀਮਾਂ ਦਾ ਗਠਨ ਕੀਤਾ ਹੈ ਤੇ ਇਨ੍ਹਾਂ ਨੂੰ ਮਹਾਰਾਸ਼ਟਰ, ਛੱਤੀਸਗੜ੍ਹ ਤੇ ਪੰਜਾਬ ਦੇ 50 ਜ਼ਿਲ੍ਹਿਆਂ 'ਚ ਤਾਇਨਾਤ ਕੀਤਾ ਜਾ ਰਿਹਾ ਹੈ।
ਸਿਹਤ ਮੰਤਰਾਲੇ ਨੇ ਸੋਮਵਾਰ ਕਿਹਾ ਕਿ ਇਨ੍ਹਾਂ ਟੀਮਾਂ ਨੂੰ ਕੋਵਿਡ19 ਸਬੰਧੀ ਨਿਗਰਾਨੀ, ਕੰਟਰੋਲ ਤੇ ਹੋਰ ਕਦਮਾਂ ਤਹਿਤ ਸੂਬਾ ਸਿਹਤ ਵਿਭਾਗ ਤੇ ਸਥਾਨਕ ਅਧਿਕਾਰੀਆਂ ਦੀ ਮਦਦ ਕਰਨ ਲਈ ਮਹਾਰਾਸ਼ਟਰ ਦੇ 30 ਜ਼ਿਲ੍ਹਿਆਂ ਛੱਤੀਸਗੜ੍ਹ ਦੇ 11 ਜ਼ਿਲ੍ਹਿਆਂ ਤੇ ਪੰਜਾਬ ਦੇ 9 ਜ਼ਿਲ੍ਹਿਆਂ 'ਚ ਭੇਜਿਆ ਜਾ ਰਿਹਾ ਹੈ।
ਦੋ ਮੈਂਬਰੀ ਉੱਚ ਪੱਧਰੀ ਕਮੇਟੀ ਵਿੱਚ ਇੱਕ ਮਹਾਮਾਰੀ ਮਾਹਰ ਤੇ ਇੱਕ ਜਨ-ਸਿਹਤ ਮਾਹਿਰ ਸ਼ਾਮਲ ਹੈ। ਮੰਤਰਾਲੇ ਨੇ ਕਿਹਾ ਕਿ ਇਹ ਟੀਮਾਂ ਸੂਬਿਆਂ ਦਾ ਟੁਰੰਤ ਦੌਰਾਨ ਕਰਨਗੀਆਂ ਤੇ ਸਮੁੱਚੇ ਕੋਵਿਡ-19 ਪ੍ਰਬੰਧਨ ਦੀ ਨਿਗਰਾਨੀ ਕਰਨਗੀਆਂ।
ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਮਹਾਰਾਸ਼ਟਰ, ਛੱਤੀਸਗੜ੍ਹ ਤੇ ਪੰਜਾਬ ਲਈ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਉੱਚ ਪੱਧਰੀ ਟੀਮ ਇਨ੍ਹਾਂ ਸੂਬਿਆਂ 'ਚ ਨੋਡਲ ਅਧਿਕਾਰੀਆਂ ਨੂੰ ਰਿਪੋਰਟ ਕਰੇਗੀ ਤੇ ਉਨ੍ਹਾਂ ਦੇ ਨਾਲ ਰਾਬਤਾ ਰੱਖੇਗੀ।
ਇਹ ਟੀਮ ਜਾਂਚ, ਇਨਫੈਕਟਡ ਵਿਅਕਤੀਆਂ ਦੇ ਸੰਪਰਕ 'ਚ ਆਏ ਲੋਕਾਂ ਦਾ ਪਤਾ ਲਾਉਣ, ਹਸਪਤਾਲ ਦੇ ਪ੍ਰਬੰਧ, ਕੋਵਿਡ ਰੋਕਥਾਮ ਸਬੰਧੀ ਵਿਹਾਰ ਤੇ ਟੀਕਾਕਰਨ ਸਮੇਤ ਪੰਜ ਪਹਿਲੂਆਂ 'ਤੇ ਰੋਜ਼ਾਨਾ ਰਿਪੋਰਟ ਸੌਂਪੇਗੀ।
ਸਰਕਾਰੀ ਰਿਪੋਰਟ ਮੁਤਾਬਕ ਭਾਰਤ ਵਿੱਚ ਸੋਮਵਾਰ ਨੂੰ ਕਰੋਨਾਵਾਇਰਸ ਦੇ ਇੱਕ ਲੱਖ ਤੋਂ ਵੱਧ ਰਿਕਾਰਡ ਕੇਸ ਸਾਹਮਣੇ ਆਏ ਹਨ। ਨਵੇਂ 1,03,558 ਕੇਸ ਮਿਲਣ ਨਾਲ ਹੁਣ ਤੱਕ ਸਾਹਮਣੇ ਆਏ ਕੁੱਲ ਕੇਸਾਂ ਦੀ ਗਿਣਤੀ 1,25,89,067 ਹੋ ਗਈ ਹੈ। 81 ਪ੍ਰਤੀਸ਼ਤ ਤੋਂ ਵੱਧ ਕੇਸ ਅੱਠ ਰਾਜਾਂ ਵਿਚ ਮਿਲੇ ਹਨ।
ਇਨ੍ਹਾਂ ਸੂਬਿਆਂ ਵਿਚ ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਯੂਪੀ, ਦਿੱਲੀ, ਤਾਮਿਲਨਾਡੂ, ਮੱਧ ਪ੍ਰਦੇਸ਼ ਤੇ ਪੰਜਾਬ ਸ਼ਾਮਲ ਹਨ। ਮਹਾਰਾਸ਼ਟਰ ਵਿੱਚ ਇੱਕ ਦਿਨ ’ਚ ਸਭ ਤੋਂ ਵੱਧ 57,074 ਕੇਸ ਮਿਲੇ ਹਨ। ਇਸ ਤੋਂ ਬਾਅਦ ਛੱਤੀਸਗੜ੍ਹ ਵਿਚ 5250 ਤੇ ਕਰਨਾਟਕ ਵਿੱਚ 4553 ਕੇਸ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਵਿੱਚ ਇੱਕ ਦਿਨ ’ਚ 97,894 ਕੇਸ ਪਾਜ਼ੇਟਿਵ ਮਿਲੇ ਸਨ।
ਬੀਤੇ ਇੱਕ ਦਿਨ ਵਿਚ ਦੇਸ਼ ਵਿੱਚ ਵਾਇਰਸ ਨਾਲ 478 ਮੌਤਾਂ ਹੋਈਆਂ ਹਨ। ਇਸ ਤਰ੍ਹਾਂ ਮ੍ਰਿਤਕਾਂ ਦੀ ਕੁੱਲ ਗਿਣਤੀ 1,65,101 ਹੋ ਗਈ ਹੈ। ਇਸ ਸਾਲ ਲਗਾਤਾਰ 26ਵੇਂ ਦਿਨ ਕੇਸਾਂ ਵਿੱਚ ਵੱਡਾ ਵਾਧਾ ਹੋ ਰਿਹਾ ਹੈ। ਐਕਟਿਵ ਕੇਸ ਵਧ ਕੇ 7,41,830 ਹੋ ਗਏ ਹਨ। ਰਿਕਵਰੀ ਦਰ ਘਟ ਕੇ 92.80 ਪ੍ਰਤੀਸ਼ਤ ’ਤੇ ਆ ਗਈ ਹੈ।