ਚੰਡੀਗੜ੍ਹ: ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਇਜ਼ਾਫਾ ਹੋ ਰਿਹਾ ਹੈ। ਐਤਵਾਰ ਪੰਜ ਹੋਰ ਨਵੇਂ ਕੇਸ ਆਉਣ ਮਗਰੋਂ ਕੋਰੋਨਾ ਪੌਜ਼ੇਟਿਵ ਮਾਮਲਿਆਂ ਦੀ ਗਿਣਤੀ 238 ਹੋ ਗਈ ਹੈ। ਸਾਰੇ ਨਵੇਂ ਦਰਜ ਕੀਤੇ ਕੇਸ 26 ਸੈਕਟਰ ਦੀ ਬਾਪੂ ਧਾਮ ਕਲੋਨੀ ਦੇ ਰਹਿਣ ਵਾਲੇ ਲੋਕ ਹਨ।
ਤਾਜ਼ਾ ਪੌਜ਼ੇਟਿਵ ਆਏ ਲੋਕਾਂ 'ਚ ਇੱਕ 23 ਸਾਲਾ ਔਰਤ, ਦੋ 30 ਸਾਲਾ ਤੇ ਇੱਕ 37 ਸਾਲਾ ਔਰਤ ਹੈ ਜਦਕਿ ਇੱਕ 18 ਸਾਲ ਦਾ ਲੜਕਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਵੀ ਚੰਡੀਗੜ੍ਹ 'ਚ 14 ਨਵੇਂ ਕੇਸ ਸਾਹਮਣੇ ਆਏ ਸਨ। ਇਹ ਵੀ ਸਾਰੇ ਬਾਪੂ ਧਾਮ ਕਲੋਨੀ ਨਾਲ ਸਬੰਧਤ ਹਨ।