Chandrayaan 3 Moon Landing: 41 ਦਿਨਾਂ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਚੰਦਰਯਾਨ-3 ਬੁੱਧਵਾਰ (23 ਅਗਸਤ) ਨੂੰ ਚੰਦਰਮਾ 'ਤੇ ਪਹੁੰਚੇਗਾ। ਲੋਕ ਇਸ ਪਲ ਨੂੰ ਦੇਖਣ ਲਈ ਇੰਨੇ ਉਤਸੁਕ ਹਨ ਕਿ ਉਹ ਚੰਦਰਯਾਨ-3 ਬਾਰੇ ਸਭ ਕੁਝ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ। ਲੋਕਾਂ ਦੇ ਮਨਾਂ ਵਿੱਚ ਇੱਕ ਸਵਾਲ ਇਹ ਵੀ ਹੈ ਕਿ ਜਦੋਂ ਚੀਨ, ਅਮਰੀਕਾ ਤੇ ਰੂਸ ਨੇ ਸਿਰਫ 4 ਦਿਨਾਂ ਵਿੱਚ ਮਿਸ਼ਨ ਚੰਦਰਮਾ ਨੂੰ ਪੂਰਾ ਕਰ ਲਿਆ ਤਾਂ ਭਾਰਤ ਨੂੰ 41 ਦਿਨ ਕਿਉਂ ਲੱਗ ਰਹੇ ਹਨ। 


ਚੰਦਰਯਾਨ ਚੰਦਰਮਾ 'ਤੇ ਸਿੱਧੇ ਉਤਰਨ ਦੀ ਬਜਾਏ ਧਰਤੀ ਤੇ ਚੰਦਰਮਾ ਦੁਆਲੇ ਚੱਕਰ ਲਾਉਂਦੇ ਅੱਗੇ ਵਧ ਰਿਹਾ ਹੈ, ਜਦੋਂਕਿ ਹੋਰ ਦੇਸ਼ਾਂ ਨੇ ਮਿਸ਼ਨ ਮੂਨ ਲਈ ਇਸ ਵਿਧੀ ਦੀ ਵਰਤੋਂ ਨਹੀਂ ਕੀਤੀ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਨੇ ਮਿਸ਼ਨ ਮੂਨ ਦੀ ਯੋਜਨਾ ਬੜੀ ਜੁਗਾੜੂ ਤਰੀਕੇ ਨਾਲ ਬਣਾਈ ਹੈ ਤਾਂ ਕਿ ਘੱਟ ਈਂਧਨ ਖਰਚਿਆ ਜਾ ਸਕੇ ਤੇ ਲਾਗਤ ਵੀ ਘੱਟ ਹੋਵੇ।




ਵਿਗਿਆਨ ਮਾਹਿਰ ਰਾਘਵੇਂਦਰ ਸਿੰਘ ਨੇ ਦੱਸਿਆ ਕਿ ਚੀਨ, ਅਮਰੀਕਾ ਤੇ ਰੂਸ ਦੀ ਟੈਕਨਾਲੋਜੀ ਭਾਰਤੀ ਨਾਲੋਂ ਥੋੜ੍ਹੀ ਐਡਵਾਂਸ ਹੈ ਤੇ ਉਨ੍ਹਾਂ ਦਾ ਰਾਕੇਟ ਜ਼ਿਆਦਾ ਤਾਕਤਵਰ ਹੈ। ਮਾਹਿਰ ਨੇ ਕਿਹਾ, 'ਪਾਵਰਫੁੱਲ ਦਾ ਮਤਲਬ ਹੈ ਕਿ ਉਸ 'ਚ ਜ਼ਿਆਦਾ ਪ੍ਰੋਪਲੈਂਡ ਹੁੰਦੇ ਹਨ ਤੇ ਪ੍ਰੋਪਲੈਂਡ ਦਾ ਮਤਲਬ ਹੈ ਕਿ ਆਕਸੀਜਨ ਤੇ ਈਂਧਨ ਦਾ ਮਿਸ਼ਰਣ। ਜਿੰਨਾ ਜ਼ਿਆਦਾ ਬਾਲਣ ਉਨ੍ਹਾਂ ਵਿੱਚ ਹੁੰਦਾ ਹੈ, ਓਨੀ ਜ਼ਿਆਦਾ ਸ਼ਕਤੀ ਉਹ ਬਣਾਉਂਦੇ ਹਨ। ਜ਼ਿਆਦਾ ਸ਼ਕਤੀ ਬਣਾ ਕੇ, ਧਰਤੀ ਦੀ ਗੁਰੂਤਾ ਖਿੱਚ ਤੇ ਵਾਯੂਮੰਡਲ ਦੀ ਰਗੜ ਨੂੰ ਘਟਾ ਕੇ, ਰਾਕੇਟ ਨੂੰ ਸਿੱਧਾ ਲੈ ਕੇ ਜਾਂਦੇ ਹਨ ਤੇ ਉਸੇ ਤਰ੍ਹਾਂ ਚੰਦਰਮਾ ਤੱਕ ਪਹੁੰਚ ਜਾਂਦੇ ਹਨ।


ਚੰਦਰਯਾਨ-3 ਦੂਜੇ ਦੇਸ਼ਾਂ ਦੇ ਮਿਸ਼ਨਾਂ ਨਾਲੋਂ ਕਈ ਸੌ ਕਰੋੜ ਸਸਤਾ 
ਮਾਹਿਰ ਰਾਘਵੇਂਦਰ ਨੇ ਦੱਸਿਆ, 'ਸਾਡਾ ਰਾਕੇਟ ਘੱਟ ਤਾਕਤਵਰ ਹੈ। ਇਸ ਲਈ ਜਿਵੇਂ ਦੇਸੀ ਭਾਸ਼ਾ 'ਚ ਕਹਿੰਦੇ ਹਨ, ਅਸੀਂ ਜੁਗਾੜ ਤਕਨੀਕ ਦੀ ਵਰਤੋਂ ਕੀਤੀ ਹੈ। ਸਾਡੀ ਧਰਤੀ ਆਪਣੀ ਧੁਰੀ ਦੁਆਲੇ ਘੁੰਮ ਰਹੀ ਹੈ। ਅਸੀਂ ਜਾਣਦੇ ਹਾਂ ਕਿ ਇਹ 1650 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਘੁੰਮ ਰਹੀ ਹੈ ਤੇ ਅਸੀਂ ਵੀ ਇਸ ਦੇ ਨਾਲ ਹੀ ਘੁੰਮ ਰਹੇ ਹਾਂ। ਇਸ ਲਈ ਇਸ ਗਤੀ ਦਾ ਫਾਇਦਾ ਉਠਾਉਂਦੇ ਹੋਏ, ਹੌਲੀ-ਹੌਲੀ ਆਪਣੀ ਉਚਾਈ ਵਧਾਉਂਦੇ ਹਾਂ ਤਾਂ ਜੋ ਬਾਲਣ ਘੱਟ ਖਰਚਿਆ ਜਾ ਸਕੇ। ਦੂਜੇ ਦੇਸ਼ ਆਪਣੇ ਮਿਸ਼ਨ ਨੂੰ 4-5 ਦਿਨਾਂ ਵਿੱਚ ਪੂਰਾ ਕਰਨ ਲਈ 400 ਤੋਂ 500 ਕਰੋੜ ਰੁਪਏ ਖਰਚ ਕਰਦੇ ਹਨ, ਜਦੋਂਕਿ ਭਾਰਤ ਵਿੱਚ ਮਿਸ਼ਨ ਦੀ ਲਾਗਤ 150 ਕਰੋੜ ਰੁਪਏ ਹੈ।


ਅਮਰੀਕਾ, ਚੀਨ ਤੇ ਰੂਸ ਦੁਆਰਾ ਕਿਹੜੀ ਤਕਨੀਕ ਦੀ ਵਰਤੋਂ ਕੀਤੀ ਗਈ?
ਚੰਦਰਮਾ ਤੱਕ ਪਹੁੰਚਣ ਦੇ ਦੋ ਤਰੀਕੇ ਹਨ। ਚੀਨ, ਅਮਰੀਕਾ ਤੇ ਰੂਸ ਦੁਆਰਾ ਵਰਤੀ ਗਈ ਵਿਧੀ ਵਿੱਚ, ਰਾਕੇਟ ਧਰਤੀ ਤੋਂ ਸਿੱਧੇ ਚੰਦਰਮਾ ਵੱਲ ਛੱਡੇ ਜਾਂਦੇ ਹਨ। ਇੱਕ ਹੋਰ ਤਰੀਕਾ ਇਹ ਹੈ ਕਿ ਪੁਲਾੜ ਯਾਨ ਨੂੰ ਰਾਕੇਟ ਰਾਹੀਂ ਧਰਤੀ ਦੇ ਔਰਬਿਟ 'ਤੇ ਪਹੁੰਚਾਇਆ ਜਾਂਦਾ ਹੈ ਤੇ ਫਿਰ ਪੁਲਾੜ ਯਾਨ ਚੱਕਰ ਲਾਉਣੇ ਸ਼ੁਰੂ ਕਰ ਦਿੰਦਾ ਹੈ। ਇਸ ਲਈ ਪੁਲਾੜ ਯਾਨ ਬਾਲਣ ਦੀ ਬਜਾਏ ਧਰਤੀ ਦੀ ਰੋਟੇਸ਼ਨਲ ਸਪੀਡ ਤੇ ਗ੍ਰੈਵੀਟੇਸ਼ਨਲ ਬਲ ਦੀ ਵਰਤੋਂ ਕਰਦਾ ਹੈ। 


ਧਰਤੀ ਆਪਣੀ ਧੁਰੀ ਉੱਤੇ 1650 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਘੁੰਮਦੀ ਹੈ, ਜਿਸ ਨਾਲ ਪੁਲਾੜ ਯਾਨ ਨੂੰ ਰਫਤਾਰ ਫੜਨ ਵਿੱਚ ਮਦਦ ਮਿਲਦੀ ਹੈ। ਬਾਅਦ ਵਿੱਚ ਵਿਗਿਆਨੀ ਇਸ ਦੀ ਔਰਬਿਟ ਦਾ ਘੇਰਾ ਬਦਲਦੇ ਹਨ। ਇਸ ਪ੍ਰਕਿਰਿਆ ਨੂੰ ਬਰਨ ਕਿਹਾ ਜਾਂਦਾ ਹੈ। ਇਸ ਤਰ੍ਹਾਂ ਪੁਲਾੜ ਯਾਨ ਦੀ ਔਰਬਿਟ ਦੁਆਲੇ ਘੁੰਮਣ ਦਾ ਘੇਰਾ ਵਧਦਾ ਹੈ ਤੇ ਧਰਤੀ ਦੀ ਗੁਰੂਤਾ ਸ਼ਕਤੀ ਦਾ ਪ੍ਰਭਾਵ ਵੀ ਪੁਲਾੜ ਯਾਨ 'ਤੇ ਘਟਣਾ ਸ਼ੁਰੂ ਹੋ ਜਾਂਦਾ ਹੈ। ਬਰਨ ਦੀ ਮਦਦ ਨਾਲ ਪੁਲਾੜ ਯਾਨ ਨੂੰ ਸਿੱਧੇ ਚੰਦਰਮਾ ਦੇ ਰਸਤੇ 'ਤੇ ਰੱਖਿਆ ਜਾਂਦਾ ਹੈ ਤੇ ਬਿਨਾਂ ਕਿਸੇ ਕੋਸ਼ਿਸ਼ ਦੇ ਪੁਲਾੜ ਯਾਨ ਚੰਦਰਮਾ 'ਤੇ ਪਹੁੰਚ ਜਾਂਦਾ ਹੈ।