ਮੋਦੀ ਦੇ ਮੁੱਖ ਮੰਤਰੀ ਖ਼ਿਲਾਫ਼ ਖ਼ਬਰਾਂ ਦਿਖਾਉਣ ਵਾਲੇ ਟੀਵੀ ਚੈਨਲ ਦੇ ਹੈੱਡ ਤੇ ਐਡੀਟਰ ਪੁਲਿਸ ਨੇ ਚੁੱਕੇ!
ਏਬੀਪੀ ਸਾਂਝਾ | 09 Jun 2019 02:06 PM (IST)
ਪੁਲਿਸ ਦਾ ਕਹਿਣਾ ਹੈ ਕਿ ਚੈਨਲ ਨੇ ਔਰਤ ਦੇ ਦਾਅਵਿਆਂ ਦੀ ਇਹ ਵੀਡੀਓ ਬਿਨਾਂ ਪੁਸ਼ਟੀ ਕੀਤਿਆਂ ਜਾਰੀ ਕੀਤੀ ਹੈ। ਦੋਵਾਂ ਖ਼ਿਲਾਫ਼ ਮੁੱਖ ਮੰਤਰੀ ਦੇ ਅਕਸ ਨੂੰ ਢਾਹ ਲਾਉਣ ਲਈ ਇਤਰਾਜ਼ਯੋਗ ਸਮੱਗਰੀ ਵਰਤਣ ਸਬੰਧੀ ਧਾਰਾਵਾਂ ਲਾਈਆਂ ਗਈਆਂ ਹਨ
ਨੋਇਡਾ: ਸ਼ਨੀਵਾਰ ਨੂੰ ਇੱਕ ਪ੍ਰਾਈਵੇਟ ਨਿਊਜ਼ ਚੈਨਲ ਦੇ ਮੁਖੀ ਤੇ ਉਸ ਦੇ ਸੰਪਾਦਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਸਿਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਖ਼ਬਰਾਂ ਆਪਣੇ ਚੈਨਲ 'ਤੇ ਦਿਖਾਈਆਂ ਸਨ। ਚੈਨਲ ਦੇ ਮੁੱਖ ਪੱਤਰਕਾਰਾਂ ਨੇ ਛੇ ਜੂਨ ਨੂੰ ਵੀਡੀਓ ਚਲਾਈ ਸੀ, ਜਿਸ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਦਫ਼ਤਰ ਦੇ ਬਾਹਰ ਖੜ੍ਹੀ ਔਰਤ ਕਹਿ ਰਹੀ ਸੀ ਕਿ ਉਸ ਨੇ ਉਨ੍ਹਾਂ ਨੂੰ ਵਿਆਹ ਦਾ ਪ੍ਰਸਤਾਵ ਭੇਜਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਚੈਨਲ ਨੇ ਔਰਤ ਦੇ ਦਾਅਵਿਆਂ ਦੀ ਇਹ ਵੀਡੀਓ ਬਿਨਾਂ ਪੁਸ਼ਟੀ ਕੀਤਿਆਂ ਜਾਰੀ ਕੀਤੀ ਹੈ। ਦੋਵਾਂ ਖ਼ਿਲਾਫ਼ ਮੁੱਖ ਮੰਤਰੀ ਦੇ ਅਕਸ ਨੂੰ ਢਾਹ ਲਾਉਣ ਲਈ ਇਤਰਾਜ਼ਯੋਗ ਸਮੱਗਰੀ ਵਰਤਣ ਸਬੰਧੀ ਧਾਰਾਵਾਂ ਲਾਈਆਂ ਗਈਆਂ ਹਨ ਪਰ ਇਸ ਦੇ ਨਾਲ ਹੀ ਚੈਨਲ ਖ਼ਿਲਾਫ਼ ਧੋਖਾਧੜੀ ਤੇ ਦਸਤਾਵੇਜ਼ੀ ਹੇਰਫੇਰ ਦੇ ਦੋਸ਼ਾਂ ਹੇਠ ਵੀ ਕੇਸ ਦਰਜ ਹੋ ਗਿਆ। ਦਰਅਸਲ, ਇਹ ਵੀਡੀਓ ਪ੍ਰਸ਼ਾਂਤ ਕਨੌਜੀਆ ਨਾਂ ਦੇ ਪੱਤਰਕਾਰ ਵੱਲੋਂ ਆਪਣੇ ਟਵਿੱਟਰ 'ਤੇ ਹੈਸ਼ਟੈਗ #ReleasePrashantKanojia ਸਮੇਤ ਜਾਰੀ ਕੀਤੀ ਗਈ ਸੀ। ਇਸ ਮਗਰੋਂ ਪ੍ਰਸ਼ਾਂਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਚੈਨਲ ਨੇ ਵੀ ਇਸੇ ਵੀਡੀਓ ਨੂੰ ਵਰਤਿਆ ਸੀ। ਇਨ੍ਹਾਂ ਗ੍ਰਿਫ਼ਤਾਰੀਆਂ ਦੀ ਟਵਿੱਟਰ 'ਤੇ ਖ਼ੂਬ ਨਿੰਦਾ ਕੀਤੀ ਗਈ ਹੈ।