ਮੁੰਬਈ: ਘਾਟਕੋਪਰ ਇਲਾਕੇ ਵਿੱਚ ਵੀਰਵਾਰ ਬਾਅਦ ਦੁਪਹਿਰ ਇੱਕ ਉਸਾਰੀ ਅਧੀਨ ਇਮਾਰਤ 'ਤੇ ਚਾਰਟਡ ਪਲੇਨ ਕ੍ਰੈਸ਼ ਹੋਣ ਨਾਲ ਘੱਟੋ ਘੱਟ ਪੰਜ ਜਣਿਆਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਅੱਗ ਬੁਝਾਊ ਕਾਮੇ ਮੌਕੇ 'ਤੇ ਪੁੱਜ ਗਏ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਇਹ ਹਾਦਸਾ ਹੋਰ ਵੀ ਖ਼ਤਰਨਾਕ ਹੋ ਸਕਦਾ ਸੀ ਪਰ ਪਾਇਲਟਾਂ ਦੀ ਸਿਆਣਪ ਨਾਲ ਵੱਡਾ ਹਾਦਸਾ ਟਲ਼ ਗਿਆ।
ਹਵਾਬਾਜ਼ੀ ਮੰਤਰਾਲੇ ਦੇ ਨਿਰਦੇਸ਼ਕ ਜਨਰਲ ਨੇ ਕਿਹਾ ਕਿ ਹਾਦਸੇ ਵਿੱਚ ਦੋ ਪਾਇਲ, ਦੋ ਏਅਰਕ੍ਰਾਫ਼ਟ ਇੰਜੀਨੀਅਰ ਤੇ ਇੱਕ ਸਥਾਨਕ ਵਿਅਕਤੀ ਦੀ ਮੌਤ ਹੋ ਗਈ ਹੈ। ਚਾਰਟਡ ਪਲੇਨ ਕਿੰਗ VT-UPZ ਯੂਵਾਈ ਏਵੀਏਸ਼ਨ ਦਾ ਸੀ, ਜਿਸ ਦਾ ਮਾਲਕਾਨਾ ਹੱਕ ਦੀਪਕ ਕੋਠਾਰੀ ਕੋਲ ਹੈ। ਕੋਠਾਰੀ ਨੇ ਇਹ ਜਹਾਜ਼ ਉੱਤਰ ਪ੍ਰਦੇਸ਼ ਸਰਕਾਰ ਤੋਂ ਖਰੀਦਿਆ ਸੀ।
ਘਾਟਕੋਪਰ ਇੱਕ ਸੰਘਣੀ ਆਬਾਦੀ ਵਾਲਾ ਇਲਾਕਾ ਹੈ, ਜਿੱਥੇ ਇਹ ਹਾਦਸਾ ਵਾਪਰਿਆ ਉਹ ਰਿਹਾਇਸ਼ੀ ਖੇਤਰਾਂ ਵਿੱਚ ਗਿਣਿਆ ਜਾਂਦਾ ਹੈ। ਜਹਾਜ਼ ਨੂੰ ਸੰਘਣੀ ਆਬਾਦੀ ਦੇ ਬਾਵਜੂਦ ਪਾਇਲਟਾਂ ਨੇ ਉਸ ਨੂੰ ਖਾਲੀ ਥਾਂ ਵੱਲ ਮੋੜ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਵੀ ਮੌਤ ਹੋ ਗਈ।
ਹਾਦਸੇ ਕਾਰਨ ਜ਼ੋਰਦਾਰ ਧਮਾਕਾ ਹੋਇਆ ਤੇ ਲੋਕ ਭੱਜ ਕੇ ਘਟਨਾ ਸਥਾਨ ਵੱਲ ਗਏ। 2017 ਦੀ ਰਿਪੋਰਟ ਮੁਤਾਬਕ ਘਾਟਕੋਪਰ ਇਲਾਕੇ ਵਿੱਚ 6,20,000 ਲੋਕ ਵਸਦੇ ਹਨ। ਹਾਦਸੇ ਤੋਂ ਬਾਅਦ ਜਹਾਜ਼ ਦਾ ਬਲੈਕ ਬੌਕਸ ਮਿਲ ਗਿਆ ਹੈ। ਜਿਸ ਤੋਂ ਹਾਦਸੇ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।