ਚੌਟਾਲਾ ਜੀਂਦ ਦੀਆਂ ਜ਼ਿਮਨੀ ਚੋਣਾਂ ’ਚੋਂ ਆਊਟ
ਏਬੀਪੀ ਸਾਂਝਾ | 21 Jan 2019 08:44 PM (IST)
ਚੰਡੀਗੜ੍ਹ: ਇਨੈਲੋ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਜੀਂਦ ਉਪ ਚੋਣਾਂ ਤੋਂ ਬਾਹਰ ਹੋ ਗਏ ਹਨ। ਦਿੱਲੀ ਦੇ ਜੇਲ੍ਹ ਮੰਤਰੀ ਨੇ ਚੌਟਾਲਾ ਦੀ ਪੇਰੋਲ ਰੱਦ ਕਰਨ ਦੀ ਚਿੱਠੀ ਜਾਰੀ ਕੀਤੀ ਹੈ। ਚੌਟਾਲਾ ਦੇ ਜੇਲ੍ਹ ਤੋਂ ਪੇਰੋਲ ’ਤੇ ਬਾਹਰ ਆਉਣਾ ਤੈਅ ਸੀ। ਦਿੱਲੀ ਵਿੱਚ ‘ਆਪ’ ਦੀ ਸਰਕਾਰ ਹੈ ਅਤੇ ਅੱਜ ਹੀ ‘ਆਪ’ ਨੇ ਹਰਿਆਣਾ ਵਿੱਚ ਅਜੈ ਚੌਟਾਲਾ ਦੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਗੁਪਤਾ ਨੇ ਜੀਂਦ ਉਪ ਚੋਣਾਂ ਵਿੱਚ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੂੰ ਸਮਰਥਨ ਦਾ ਐਲਾਨ ਕੀਤਾ ਹੈ। ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਨੇ ਉਨ੍ਹਾਂ ਨੂੰ ਜੀਂਦ ਵਿੱਚ ਜੇਜੇਪੀ ਦਾ ਸਮਰਥਨ ਕਰਨ ਲਈ ਭੇਜਿਆ ਹੈ ਤੇ ਹੁਣ ‘ਆਪ’ ਵਰਕਰ ਖੁੱਲ੍ਹ ਕੇ ਦਿਗਵਿਜੈ ਸਿੰਘ ਚੌਟਾਲਾ ਦੇ ਸਮਰਥਨ ’ਚ ਵੋਟ ਮੰਗਣਗੇ।