ਨਵੀਂ ਦਿੱਲੀ: ਅੱਜਕੱਲ੍ਹ ਬੱਚੇ ਨਾ ਬਾਹਰ ਸੁਰੱਖਿਅਤ ਹਨ, ਨਾ ਸਕੂਲ ਵਿੱਚ ਤੇ ਨਾ ਹੀ ਘਰ ਵਿੱਚ ਉਨ੍ਹਾਂ ਦੀ ਸੁਰੱਖਿਆ ਯਕੀਨੀ ਹੈ। ਬਾਲ ਜਿਣਸੀ ਸ਼ੋਸ਼ਣ ਭਾਰਤ ਵਿੱਚ ਮਹਾਮਾਰੀ ਵਾਂਗ ਫੈਲ ਚੁੱਕਿਆ ਹੈ। ਅੰਕੜਿਆਂ 'ਤੇ ਨਜ਼ਰਸਾਨੀ ਕਰੀਏ ਤਾਂ ਹਰ ਸਾਲ 4 ਵਿੱਚੋਂ 1 ਲੜਕੀ ਤੇ 6 ਵਿੱਚੋਂ 1 ਲੜਕਾ 18 ਸਾਲ ਦਾ ਹੋਣ ਤੋਂ ਪਹਿਲਾਂ ਹੀ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ। ਖੋਜਾਂ ਦੱਸਦੀਆਂ ਹਨ ਕਿ ਬੱਚਿਆਂ ਨਾਲ ਮਾੜਾ ਵਤੀਰਾ ਕਰਨ ਵਾਲੇ 90 ਫ਼ੀਸਦੀ ਲੋਕ ਪਰਿਵਾਰ ਦੇ ਹੀ ਲੋਕ ਹੁੰਦੇ ਹਨ। ਉੱਥੇ ਭਾਰਤ ਵਿੱਚ ਹਰ ਦਿਨ 40 ਬੱਚਿਆਂ ਨਾਲ ਬਲਾਤਕਾਰ ਦੀ ਘਟਨਾਵਾਂ ਹੁੰਦੀਆਂ ਹਨ, ਜਦਕਿ 48 ਬੱਚੇ ਬੁਰੇ ਵਤੀਰੇ ਜਾਂ ਛੇੜਖਾਨੀ ਦਾ ਸ਼ਿਕਾਰ ਹੁੰਦੇ ਹਨ। ਇਸ ਕੜੀ ਵਿੱਚ ਹੀ 10 ਬੱਚੇ ਟ੍ਰੈਫਿਕਿੰਗ ਯਾਨੀ ਮਨੁੱਖੀ ਤਸਕਰੀ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਬੱਚਿਆਂ ਨੂੰ ਵੇਸਵਾਪੁਣੇ ਜਾਂ ਬਾਲ ਮਜ਼ਦੂਰੀ ਵੱਲ ਧੱਕ ਦਿੱਤਾ ਜਾਂਦਾ ਹੈ। ਹਰ ਛੇ ਮਿੰਟ ਵਿੱਚ ਕਿਸੇ ਕੋਨੇ ਵਿੱਚੋਂ ਇੱਕ ਬੱਚਾ ਗ਼ਾਇਬ ਹੋ ਜਾਂਦਾ ਹੈ। ਬੱਚਿਆਂ ਨੂੰ ਹਿੰਸਾ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਬੇਹੱਦ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਅਣਜਾਣ ਵਿਅਕਤੀ ਦੀ ਹਾਜ਼ਰੀ ਵਿੱਚ ਇਕੱਲੇ ਨਾ ਛੱਡੋ ਤੇ ਇਹ ਵੀ ਖ਼ਿਆਲ ਰੱਖੋ ਕਿ ਕੀ ਕਿਸੇ ਗੁਆਂਢੀ ਜਾਂ ਰਿਸ਼ਤੇਦਾਰ ਦੇ ਘਰ ਆਉਣ 'ਤੇ ਬੱਚਾ ਘਬਰਾ ਤਾਂ ਨਹੀਂ ਰਿਹਾ। ਜੇਕਰ ਅਜਿਹਾ ਹੈ ਤਾਂ ਤੁਸੀਂ ਆਪਣੇ ਬੱਚੇ ਦੀ ਹਿਮਾਕਤ ਵਿੱਚ ਖੜ੍ਹੇ ਹੋ ਜਾਓ। ਬੱਚਿਆਂ ਦੇ ਨਾਲ ਘਰ, ਪਾਰਕ, ਸਕੂਲ ਵਿੱਚ ਅਲਰਟ ਰਹੋ, ਜ਼ਿਆਦਾਤਰ ਹੈਵਾਨ ਇਨ੍ਹਾਂ ਥਾਵਾਂ 'ਤੇ ਹੀ ਬੱਚਿਆਂ 'ਤੇ ਨਜ਼ਰ ਰੱਖਦੇ ਹਨ ਤੇ ਆਪਣਾ ਸ਼ਿਕਾਰ ਬਣਾਉਂਦੇ ਹਨ। ਬੱਚਿਆਂ ਦੀ ਖਾਮੋਸ਼ੀ ਤੇ ਵਿਹਾਰ ਨੂੰ ਲਗਾਤਾਰ ਵਾਚਦੇ ਰਹੋ, ਜੇਕਰ ਕੁਝ ਬਦਲਾਅ ਵਿਖਾਈ ਦੇਵੇ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਜਿਣਸੀ ਸ਼ੋਸ਼ਣ ਕਰਨ ਵਾਲੇ ਜ਼ਿਆਦਾਤਰ ਲੋਕ ਕਰੀਬੀ ਹੀ ਹੁੰਦੇ ਹਨ। ਜੇਕਰ ਬੱਚਾ ਅਜਿਹੀ ਸ਼ਿਕਾਇਤ ਕਰਦਾ ਹੈ ਤਾਂ ਉਸ ਨੂੰ ਬੇਵਜ੍ਹਾ ਝਿੜਕੋ ਨਾ ਸਗੋਂ ਅਜਿਹੇ ਕਰੀਬੀਆਂ 'ਤੇ ਨਿਗ੍ਹਾ ਰੱਖੋ। ਚਾਈਲਡ ਐਬਿਊਜ਼ ਦਾ ਸ਼ਿਕਾਰ ਹੋਏ 7 ਪੀੜਤ ਬੱਚਿਆਂ ਵਿੱਚੋਂ 1 ਬੱਚਾ 5 ਸਾਲ ਜਾਂ ਇਸ ਤੋਂ ਘੱਟ ਉਮਰ ਦਾ ਹੀ ਹੁੰਦਾ ਹੈ। ਨਿੱਕਾ ਹੋਣ ਕਰ ਕੇ 6 ਸਾਲ ਤੋਂ ਘੱਟ ਉਮਰ ਦੇ 40 ਫ਼ੀਸਦੀ ਬੱਚਿਆਂ ਵਿੱਚੋਂ 10 ਫ਼ੀਸਦੀ ਹੀ ਆਪਣੇ ਨਾਲ ਹੋਏ ਬੁਰੇ ਜਾਂ ਛੇੜਖਾਨੀ ਬਾਰੇ ਕਿਸੇ ਵੱਡੇ ਨੂੰ ਦੱਸਣ ਦੀ ਹਿੰਮਤ ਰੱਖਦੇ ਹਨ। ਇਹੋ ਕੁਝ ਬਲਾਤਕਾਰ ਪੀੜਤਾ ਨਾਲ ਵਾਪਰਦਾ ਹੈ। ਉਸ ਦੇ ਦਿਮਾਗ ਵਿੱਚ ਇਹ ਗੱਲ ਪਹਿਲਾਂ ਤੋਂ ਹੀ ਬੈਠੀ ਹੋਈ ਹੁੰਦੀ ਹੈ ਕਿ ਜੇਕਰ ਕਿਸੇ ਨੂੰ ਕੁਝ ਦੱਸਿਆ ਤਾਂ ਉਸ ਵਿੱਚ ਹੀ ਨੁਕਸ ਕੱਢਿਆ ਜਾਵੇਗਾ ਜਾਂ ਉਸ 'ਤੇ ਭਰੋਸਾ ਨਹੀਂ ਕੀਤਾ ਜਾਵੇਗਾ। ਬੱਚਿਆਂ ਨਾਲ ਵਧ ਰਹੇ ਹਾਦਸਿਆਂ ਦੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਭਾਰਤ ਵਿੱਚ ਸੈਕਸ ਤੇ ਸੈਕਸੂਐਲਿਟੀ 'ਤੇ ਚਰਚਾ ਘੱਟ ਕੀਤੀ ਜਾਂਦੀ ਹੈ। ਜੇਕਰ ਕੋਈ ਬੱਚਾ ਹਿੰਮਤ ਕਰ ਕੇ ਆਪਣੇ ਨਾਲ ਹੋਈ ਕਿਸੇ ਅਜਿਹੀ ਹੀ ਵਾਰਦਾਤ ਬਾਰੇ ਦੱਸਣਾ ਚਾਹੁੰਦਾ ਹੋਵੇ ਤਾਂ ਬਦਨਾਮੀ ਦੇ ਡਰੋਂ ਪਰਿਵਾਰ ਉਸ ਮਸਲੇ ਨੂੰ ਦੱਬਣ ਦੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ, ਚਾਹੀਦਾ ਇਸ ਤਰ੍ਹਾਂ ਹੈ ਕਿ ਘਰ ਵਿੱਚ ਦੋਸਤਾਨਾ ਮਾਹੌਲ ਸਿਰਜੋ ਅਤੇ ਜੇਕਰ ਕੋਈ ਤੁਹਾਡੇ ਬੱਚੇ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਸੀਂ ਆਪਣੇ ਬੱਚੇ ਦਾ ਸਾਥ ਦਿਓ ਤੇ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਕਰੋ।