ਨਵੀਂ ਦਿੱਲੀ: ਦੁਨੀਆ ਦਾ ਸਭ ਤੋਂ ਵੱਡਾ ਕੋਵਿਡ-19 ਸੰਕਟ ਭਾਰਤ ’ਚ ਇਸ ਵੇਲੇ ਸਿਖ਼ਰ ’ਤੇ ਹੈ। ਕੋਵਿਡ-19 ਦੀ ਲਾਗ ਤੋਂ ਗ੍ਰਸਤ ਰੋਜ਼ਾਨਾ ਚਾਰ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਹਸਪਤਾਲ ਕੋਵਿਡ ਦੇ ਮਰੀਜ਼ਾਂ ਨਾਲ ਭਰੇ ਪਏ ਹਨ। ਹਸਪਤਾਲਾਂ ’ਚ ਆਕਸੀਜਨ ਦੀ ਜ਼ਬਰਦਸਤ ਕਿੱਲਤ ਹੋ ਗਈ ਹੈ। ਅਜਿਹੀ ਹਾਲਤ ਵਿੱਚ ਦੁਨੀਆ ਭਰ ਤੋਂ ਮਦਦ ਦੇ ਹੱਥ ਉੱਠ ਰਹੇ ਹਨ।


 
ਵਿਸ਼ਵ ਦੇ ਕਈ ਦੋਸਤ ਦੇਸ਼ਾਂ ਨੇ ਆਕਸੀਜਨ ਤੇ ਕੋਵਿਡ-19 ਨਾਲ ਸਬੰਧਤ ਕਈ ਸਮੱਗਰੀਆਂ ਭਾਰਤ ਭੇਜੀਆਂ ਹਨ। ਹੁਣ ਚੀਨ ਨੇ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਵੀ ਭਾਰਤ ਨੂੰ ਕੋਵਿਡ-19 ਉਪਕਰਣ ਤੇ ਕੁਝ ਹੋਰ ਮਦਦ ਵੀ ਭੇਜੀ ਹੈ; ਉਂਝ ਭਾਵੇਂ ਭਾਰਤ ਨੇ ਚੀਨ ਤੋਂ ਸਿੱਧੇ ਤੌਰ ਉੱਤੇ ਕੋਈ ਵੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

 
ਭਾਰਤ ’ਚ ਚੀਨ ਦੇ ਰਾਜਦੂਤ ਸੂਨ ਵਿਦੋਂਗ ਨੇ ਆਪਣੇ ਕਈ ਟਵੀਟਸ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ ਹੈ ਕਿ ਰੈੱਡ ਕ੍ਰਾਸ ਸੁਸਾਇਟੀ ਆਫ਼ ਚਾਈਨਾ ਨੇ ਭਾਰਤ ਨੂੰ 100 ਆਕਸੀਜਨ ਕੰਸੈਂਟ੍ਰੇਟਰ, 40 ਵੈਂਟੀਲੇਟਰ ਤੇ ਹੋਰ ਕੋਵਿਡ-19 ਦੇ ਉਪਕਰਣ ਭੇਜੇ ਹਨ। ਇਸ ਤੋਂ ਇਲਾਵਾ ਚੀਨ ਰੈੱਡ ਕ੍ਰਾਸ ਨੇ ਭਾਰਤ ਦੇ ਰੈੱਡ ਕ੍ਰਾਸ ਨੂੰ 10 ਲੱਖ ਡਾਲਰ ਦੀ ਆਰਥਿਕ ਸਹਾਇਤਾ ਵੀ ਦਿੱਤੀ ਹੈ।

 

ਦਰਅਸਲ, ਭਾਰਤ ਨੇ ਚੀਨ ਤੋਂ ਸਿੱਧੇ ਤੌਰ ’ਤੇ ਕੋਈ ਵੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਲਈ ਇਹ ਮਦਦ ਚੀਨੀ ਰੈੱਡ ਕ੍ਰਾਸ ਨੇ ਇੰਟਰਨੈਸ਼ਨਲ ਫ਼ੈਡਰੇਸ਼ਨ ਆਫ਼ ਰੈੱਡ ਕ੍ਰਾਸ ਤੇ ਰੈੱਡ ਕ੍ਰਿਸੈਂਟ ਸੁਸਾਇਟੀ ਦੇ ਮਾਧਿਅਮ ਰਾਹੀਂ ਭਾਰਤੀ ਰੈੱਡ ਕ੍ਰਾਸ ਸੁਸਾਇਟੀ ਨੂੰ ਦਿੱਤੀ ਹੈ; ਭਾਵੇਂ ਭਾਰਤ ਸਰਕਾਰ ਵੱਲੋਂ ਇਸ ਬਾਰੇ ਕੋਈ ਪ੍ਰਤੀਕਰਮ ਨਹੀਂ ਪ੍ਰਗਟਾਇਆ ਗਿਆ।

 

ਰਾਜਦੂਤ ਨੇ ਕਿਹਾ ਹੈ ਕਿ ਭਾਰਤ ’ਚ ਕੋਵਿਡ-19 ਸੰਕਟ ਨੂੰ ਵੇਖਦਿਆਂ ਚੀਨੀ ਰੈੱਡ ਕ੍ਰਾਸ ਸੁਸਾਇਟੀ ਨੇ ਫ਼ੈਸਲਾ ਕੀਤਾ ਕਿ ਭਾਰਤ ਦੀ ਰੈੱਡ ਕ੍ਰਾਸ ਸੁਸਾਇਟੀ ਨੂੰ 10 ਲੱਖ ਅਮਰੀਕੀ ਡਾਲਰ ਦੀ ਮਦਦ ਵੀ ਦੇਵੇਗੀ। ਕੋਵਿਡ ਸੰਕਟ ਦੇ ਇਸ ਦੌਰ ’ਚ ਜਦੋਂ ਦੁਨੀਆ ਭਰ ਤੋਂ ਮਦਦ ਭੇਜੀ ਜਾ ਰਹੀ ਹੈ। ਭਾਰਤ ਨੇ ਚੀਨ ਤੇ ਪਾਕਿਸਤਾਨ ਤੋਂ ਕਿਸੇ ਵੀ ਤਰ੍ਹਾਂ ਦੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਜੇ ਭਾਰਤੀ ਰੈੱਡ ਕ੍ਰਾਸ ਸੁਸਾਇਟੀ ਨੂੰ ਚੀਨ ਦੀ ਰੈੱਡ ਕ੍ਰਾਸ ਸੁਸਾਇਟੀ ਵੱਲੋਂ ਕੋਈ ਮਦਦ ਮਿਲੀ ਹੈ, ਤਾਂ ਇਸ ਵਿੱਚ ਭਾਰਤ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ।