Himachal Election: ਹਿਮਾਚਲ ਵਿੱਚ ਕਾਂਗਰਸ ਤੇ ਬੀਜੇਪੀ ਦਾ ਕਿਲਾ ਢਾਅ ਦਿੱਤਾ ਹੈ। ਕਾਂਗਰਸ ਨੂੰ 68 ਵਿੱਚੋਂ ਕਰੀਬ 40 ਸੀਟਾਂ ਮਿਲ ਰਹੀਆਂ ਹਨ। ਬੀਜੇਪੀ 25 ਸੀਟਾਂ 'ਤੇ ਸਿਮਟ ਗਈ ਹੈ। ਦੂਜੇ ਪਾਸੇ ਬਹੁਮਤ ਹਾਸਲ ਹੋਣ ਦੇ ਬਾਵਜੂਦ ਕਾਂਗਰਸ ਨੂੰ ਡਰ ਹੈ ਕਿ ਬੀਜੇਪੀ ਕਿਤੇ 'ਆਪ੍ਰੇਸ਼ਨ ਲੋਟਸ' ਰਾਹੀਂ ਖੇਡ ਖਰਾਬ ਨਾ ਕਰ ਦੇਵੇ।


ਇਸ ਲਈ ਕਾਂਗਰਸ ਹਾਈ ਕਮਾਨ ਨੇ ਹਿਮਾਚਲ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੇ ਬਹੁਮਤ ਵੱਲ ਵਧਣ ਦੇ ਮੱਦੇਨਜ਼ਰ ਆਪਣੇ ਆਗੂ ਭੁਪੇਸ਼ ਬਘੇਲ, ਭੁਪਿੰਦਰ ਸਿੰਘ ਹੁੱਡਾ, ਰਾਜੀਵ ਸ਼ੁਕਲਾ ਨੂੰ ਹਿਮਾਚਲ ਪ੍ਰਦੇਸ਼ ਲਈ ਰਵਾਨਾ ਕਰ ਦਿੱਤਾ ਹੈ। ਭੁਪੇਸ਼ ਬਘੇਲ ਨੇ ਕਿਹਾ ਕਿ ਬੀਜੇਪੀ ਕੁਝ ਵੀ ਕਰ ਸਕਦੀ ਹੈ। ਇਸ ਲਈ ਅਸੀਂ ਚੌਕਸ ਹਾਂ।


ਉਧਰ, ਹਿਮਾਚਲ ਪ੍ਰਦੇਸ਼ ’ਚ ਭਾਜਪਾ ਦੀਆਂ ਸੀਟਾਂ ਘਟਣ ਦੇ ਮੱਦੇਨਜ਼ਰ ਪਾਰਟੀ ਪ੍ਰਧਾਨ ਜੇਪੀ ਨੱਢਾ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਅੱਜ ਸਵੇਰੇ ਆਪਣੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਸ਼ਿਮਲਾ ਭੇਜ ਦਿੱਤਾ ਹੈ। ਸੂਤਰਾਂ ਨੇ ਕਿਹਾ ਕਿ ਤਾਵੜੇ ਭਾਜਪਾ ਦੇ ਚਾਰ ਬਾਗੀਆਂ ਨਾਲ ਗੱਲਬਾਤ ਕਰਨਗੇ, ਜੋ ਵੋਟਾਂ ਦੀ ਗਿਣਤੀ ਦੇ ਰੁਝਾਨਾਂ 'ਚ ਮੋਹਰੀ ਹਨ।


ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ। ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਕਾਂਗਰਸ ਭਾਜਪਾ ਤੋਂ ਅੱਗੇ ਨਿਕਲ ਗਈ ਹੈ। ਉਂਝ ਜਦੋਂ ਚੋਣਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਉਸੇ ਸਮੇਂ ਤੋਂ ਹੀ ਕਾਂਗਰਸ ਅਤੇ ਭਾਜਪਾ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ। ਕਦੇ ਭਾਜਪਾ ਤੇ ਕਦੇ ਕਾਂਗਰਸ ਇੱਕ ਦੂਜੇ ਨੂੰ ਹਰਾ ਰਹੇ ਸਨ। ਹਿਮਾਚਲ ਪ੍ਰਦੇਸ਼ 'ਚ ਚੋਣਾਂ ਦੀ ਗਿਣਤੀ 'ਚ ਇੰਨਾ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਕਿ ਇਹ ਕ੍ਰਿਕਟ ਮੈਚ ਵਰਗਾ ਹੋ ਗਿਆ। ਜਿੱਥੇ ਇੱਕ ਪਾਸੇ ਬੀਜੇਪੀ ਗੁਜਰਾਤ ਵਿੱਚ ਭਾਰੀ ਬਹੁਮਤ ਵੱਲ ਵਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਬੀਜੇਪੀ ਪਛੜ ਗਈ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਥਾਂ-ਥਾਂ ਚੋਣ ਪ੍ਰਚਾਰ ਲਈ ਗਏ, ਪਰ ਆਪਣੇ ਹੀ ਸੂਬੇ ਵਿੱਚ ਭਾਜਪਾ ਨੂੰ ਜਿੱਤ ਨਹੀਂ ਦਿਵਾ ਸਕੇ। ਦੱਸ ਦੇਈਏ ਕਿ ਭਾਜਪਾ ਨੇ ਇਸ ਚੋਣ ਨੂੰ ਜਿੱਤਣ ਲਈ ਆਪਣੀ ਪੂਰੀ ਜਾਨ ਲਗਾ ਦਿੱਤੀ ਸੀ। ਇਸ ਚੋਣ ਵਿੱਚ ਭਾਜਪਾ ਦੇ ਸਾਰੇ ਵੱਡੇ ਚਿਹਰੇ ਚੋਣ ਪ੍ਰਚਾਰ ਕਰਦੇ ਨਜ਼ਰ ਆਏ।