Terrorism in Jammu and Kashmir: CM ਮਾਨ ਵੱਲੋਂ ਜੰਮੂ ਕਸ਼ਮੀਰ ਦੇ ਕਠੂਆ ਅਤੇ ਡੋਡਾ ਵਿਖੇ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਲਈ ਦੁੱਖ ਜਤਾਇਆ ਹੈ। ਦੱਸ ਦਈਏ ਜੰਮੂ-ਕਸ਼ਮੀਰ ਅੱਤਵਾਦੀ ਹਮਲਿਆਂ ਨਾਲ ਹਿੱਲ ਗਿਆ ਹੈ। 9 ਜੂਨ ਨੂੰ ਰਿਆਸੀ 'ਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਤੋਂ ਬਾਅਦ ਕਠੂਆ ਅਤੇ ਡੋਡਾ ਵਿੱਚ ਲਗਾਤਾਰ ਦੋ ਅੱਤਵਾਦੀ ਹਮਲੇ ਹੋਏ। ਕਠੂਆ ਦੇ ਹੀਰਾਨਗਰ ਇਲਾਕੇ 'ਚ ਮੰਗਲਵਾਰ ਰਾਤ ਤੋਂ ਚੱਲ ਰਿਹਾ ਮੁਕਾਬਲਾ ਬੁੱਧਵਾਰ ਦੁਪਹਿਰ ਦੂਜੇ ਅੱਤਵਾਦੀ ਦੇ ਮਾਰੇ ਜਾਣ ਨਾਲ ਖਤਮ ਹੋ ਗਿਆ। ਇਸ ਮੁਕਾਬਲੇ 'ਚ ਜ਼ਖਮੀ ਸੀਆਰਪੀਐੱਫ ਜਵਾਨ ਵੀ ਹਸਪਤਾਲ 'ਚ ਇਲਾਜ ਦੌਰਾਨ ਸ਼ਹੀਦ ਹੋ ਗਿਆ ਹੈ। ਦੂਜੇ ਪਾਸੇ ਡੋਡਾ 'ਚ ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਸ ਦੇ ਅਸਥਾਈ ਸੰਯੁਕਤ ਸੰਚਾਲਨ ਅੱਡੇ 'ਤੇ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਮੁਕਾਬਲਾ ਅਜੇ ਵੀ ਜਾਰੀ ਹੈ। ਇਸ ਅੱਤਵਾਦੀ ਹਮਲੇ 'ਚ 5 ਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ, ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੋਸਟ ਪਾ ਕੇ ਸ਼ਹੀਦ ਹੋਏ ਜਵਾਨਾਂ ਦੀ ਮੌਤ ਉੱਤੇ ਦੁੱਖ ਜਤਾਇਆ ਹੈ।
ਉਨ੍ਹਾਂ ਨੇ ਐਕਸ ਉੱਤੇ ਲਿਖਿਆ ਹੈ- 'ਜੰਮੂ ਕਸ਼ਮੀਰ ਦੇ ਕਠੂਆ ਅਤੇ ਡੋਡਾ ਵਿਖੇ ਅੱਤਵਾਦੀ ਹਮਲੇ ਦੌਰਾਨ CRPF ਦੇ ਇੱਕ ਜਵਾਨ ਦੇ ਸ਼ਹੀਦ ਅਤੇ 2 ਜਵਾਨਾਂ ਦੇ ਜ਼ਖ਼ਮੀ ਹੋਣ ਦੀ ਦੁਖਦ ਸੂਚਨਾ ਮਿਲੀ… ਅੱਤਵਾਦੀਆਂ ਨੇ ਫੌਜ ਦੇ ਆਪ੍ਰੇਟਿੰਗ ਬੇਸ ਨੂੰ ਨਿਸ਼ਾਨਾ ਬਣਾ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ... ਸ਼ਹੀਦ ਅਤੇ ਜ਼ਖ਼ਮੀ ਹੋਏ ਜਵਾਨਾਂ ਦੇ ਦੇਸ਼ ਖ਼ਾਤਰ ਹੌਂਸਲੇ ਤੇ ਜਜ਼ਬੇ ਨੂੰ ਦਿਲੋਂ ਸਲਾਮ ਅਤੇ ਨਾਲ ਹੀ ਪਰਿਵਾਰ ਨਾਲ ਦਿਲੋਂ ਹਮਦਰਦੀ… ਪਰਮਾਤਮਾ ਅੱਗੇ ਜ਼ਖ਼ਮੀ ਹੋਏ ਜਵਾਨਾਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ…'