Almora Bus Accident: ਉੱਤਰਾਖੰਡ ਦੇ ਅਲਮੋੜਾ ਵਿੱਚ ਹੋਏ ਬੱਸ ਹਾਦਸੇ ਨੂੰ ਲੈ ਕੇ ਸਖ਼ਤ ਰੁਖ ਅਪਣਾਉਂਦੇ ਹੋਏ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਸਬੰਧ ਵਿੱਚ ਪੌੜੀ ਤੇ ਅਲਮੋੜਾ ਦੇ ਸਬੰਧਤ ਖੇਤਰ ਦੇ ਏਆਰਟੀਓ ਇਨਫੋਰਸਮੈਂਟ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨਰ ਕੁਮਾਉਂ ਡਿਵੀਜ਼ਨ ਨੂੰ ਇਸ ਘਟਨਾ ਦੀ ਮੈਜਿਸਟ੍ਰੇਟ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਹਾਦਸੇ 'ਚ ਹੁਣ ਤੱਕ 36 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ।
ਸੋਮਵਾਰ ਨੂੰ ਅਲਮੋੜਾ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਮਾਰਕੁਲਾ ਨੇੜੇ ਇੱਕ ਯਾਤਰੀ ਬੱਸ ਖਾਈ ਵਿੱਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਬੱਸ 'ਚ 45 ਲੋਕ ਸਵਾਰ ਸਨ। ਹਾਦਸੇ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਸੂਚਨਾ ਮਿਲਦੇ ਹੀ ਬਚਾਅ ਦਲ ਮੌਕੇ 'ਤੇ ਪਹੁੰਚ ਗਿਆ ਤੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ। ਐਸਐਸਪੀ ਅਲਮੋੜਾ ਵੀ ਮੌਕੇ ’ਤੇ ਮੌਜੂਦ ਹਨ ਜਦੋਂਕਿ ਨੈਨੀਤਾਲ ਪੁਲੀਸ ਦੀ ਟੀਮ ਵੀ ਪੁੱਜ ਗਈ ਹੈ।
ਪ੍ਰਸ਼ਾਸਨ ਨੇ ਅਲਮੋੜਾ ਸੜਕ ਹਾਦਸੇ ਵਿੱਚ 36 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਜਦਕਿ ਤਿੰਨ ਲੋਕਾਂ ਨੂੰ ਇਲਾਜ ਲਈ ਏਮਜ਼ ਭੇਜਿਆ ਗਿਆ ਹੈ। ਬਾਕੀ ਜ਼ਖਮੀਆਂ ਦਾ ਇਲਾਜ ਰਾਮਨਗਰ ਦੇ ਸਰਕਾਰੀ ਹਸਪਤਾਲ 'ਚ ਚੱਲ ਰਿਹਾ ਹੈ।
ਇਸ ਹਾਦਸੇ 'ਚ 36 ਯਾਤਰੀਆਂ ਦੀ ਮੌਤ ਹੋ ਗਈ ਹੈ, ਜਦਕਿ ਕਈ ਯਾਤਰੀ ਜ਼ਖਮੀ ਹਨ, ਜਿਨ੍ਹਾਂ 'ਚੋਂ 15 ਲੋਕਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਇਲਾਜ ਲਈ ਉੱਚ ਕੇਂਦਰ 'ਚ ਰੈਫਰ ਕਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਬੱਸ 'ਚ ਅਜੇ ਵੀ ਕੁਝ ਲੋਕਾਂ ਦੇ ਫਸੇ ਹੋਣ ਦੀ ਖ਼ਬਰ ਹੈ।
ਸੀਐਮ ਪੁਸ਼ਕਰ ਸਿੰਘ ਧਾਮੀ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਐਕਸ 'ਤੇ ਲਿਖਿਆ- 'ਅਲਮੋੜਾ ਜ਼ਿਲੇ ਦੇ ਮਾਰਕੁਲਾ 'ਚ ਹੋਏ ਮੰਦਭਾਗੇ ਬੱਸ ਹਾਦਸੇ 'ਚ ਮਾਰੇ ਗਏ ਲੋਕਾਂ ਦੀ ਬਹੁਤ ਹੀ ਦੁਖਦਾਈ ਖਬਰ ਮਿਲੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਘਟਨਾ ਵਾਲੀ ਥਾਂ 'ਤੇ ਸਥਾਨਕ ਪ੍ਰਸ਼ਾਸਨ ਅਤੇ ਐੱਸ.ਡੀ.ਆਰ.ਐੱਫ. ਦੀਆਂ ਟੀਮਾਂ ਜ਼ਖਮੀਆਂ ਨੂੰ ਕੱਢਣ ਅਤੇ ਇਲਾਜ ਲਈ ਨਜ਼ਦੀਕੀ ਸਿਹਤ ਕੇਂਦਰ 'ਚ ਪਹੁੰਚਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ। ਲੋੜ ਪੈਣ 'ਤੇ ਗੰਭੀਰ ਜ਼ਖਮੀ ਯਾਤਰੀਆਂ ਨੂੰ ਏਅਰਲਿਫਟ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।