ਨਵੀਂ ਦਿੱਲੀ: ਪਹਾੜੀ ਖੇਤਰਾਂ ਵਿੱਚ ਹੋਈ ਬਰਫਬਾਰੀ ਕਰਕੇ ਉੱਤਰੀ ਭਾਰਤ ਨੂੰ ਠੰਢ ਨੇ ਜਕੜ ਲਿਆ ਹੈ। ਪੰਜਾਬ ਤੇ ਹਰਿਆਣਾ ਵਿੱਚ ਵੀ ਰਾਤ ਦਾ ਤਾਪਮਾਨ ਬੇਹੱਦ ਹੇਠਾਂ ਆ ਗਿਆ ਹੈ। ਮੋਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਵਿੱਚ ਹੋਰ ਠੰਢ ਵਧਣ ਦੇ ਆਸਾਰ ਹਨ।

ਉਧਰ, ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਵਾਂ ‘ਤੇ ਤਾਪਮਾਨ ਸਿਫਰ ਤੋਂ ਹੇਠਾਂ ਆ ਗਿਆ ਹੈ। ਕੌਮੀ ਰਾਜਧਾਨੀ ਦਿੱਲੀ ‘ਚ ਪਾਰਾ 9.4 ਡਿਗਰੀ ਸੈਲਸੀਅਸ ’ਤੇ ਆ ਗਿਆ। ਪੰਜਾਬ ਵਿੱਚ ਅੰਮ੍ਰਿਤਸਰ ਸਭ ਤੋਂ ਠੰਢਾ ਰਿਹਾ। ਇਥੇ ਘੱਟੋ-ਘੱਟ ਤਾਪਮਾਨ 7.8 ਤੇ ਉਪਰਲਾ ਤਾਪਮਾਨ 22.2 ਡਿਗਰੀ ਰਿਹਾ। ਲੁਧਿਆਣਾ ਵਿੱਚ ਤਾਪਮਾਨ 22.5 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ ਦੋ ਡਿਗਰੀ ਘੱਟ ਹੈ, ਜਦੋਂਕਿ ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 23.6 ਡਿਗਰੀ ਦਰਜ ਕੀਤਾ ਗਿਆ।

ਲੇਹ ਸ਼ਹਿਰ ਵਿੱਚ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਰਹੀ। ਇੱਥੇ ਤਾਪਮਾਨ ਮਨਫ਼ੀ 13.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂਕਿ ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ 0.9 ਡਿਗਰੀ ਸੈਲਸੀਅਸ ਰਿਹਾ। ਉੱਤਰੀ ਕਸ਼ਮੀਰ ਦੇ ਗੁਲਮਰਗ ਦਾ ਪ੍ਰਸਿੱਧ ਸਕੀਅ ਰਿਜ਼ੌਰਟ ਜਿੱਥੇ ਪਿਛਲੇ ਹਫ਼ਤੇ ਕਈ ਫੁੱਟ ਬਰਫਬਾਰੀ ਹੋਈ ਸੀ, ਵਾਦੀ ਵਿੱਚ ਸਭ ਤੋਂ ਠੰਢਾ ਰਿਹਾ। ਇੱਥੇ ਤਾਪਮਾਨ ਮਨਫ਼ੀ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੰਮੂ ਦਾ ਘੱਟੋ ਘੱਟ ਤਾਪਮਾਨ 8.2 ਸੈਲਸੀਅਸ ਰਿਹਾ, ਜੋ ਆਮ ਨਾਲੋਂ ਦੋ ਡਿਗਰੀ ਹੇਠਾਂ ਹੈ। ਕਟੜਾ ਜੋ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਦਾ ਬੇਸ ਕੈਂਪ ਹੈ, ਦਾ ਘੱਟੋ ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਹਿਮਾਚਲ ਵਿੱਚ ਕੁਫਰੀ, ਸ਼ਿਮਲਾ ਤੇ ਡਲਹੌਜੀ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 3.7, 5.2 ਤੇ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਊਨਾ ਦਾ ਰਿਹਾ, ਜਿੱਥੇ ਤਾਪਮਾਨ 23.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।