Delhi Firecrackers Ban: ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ (DPCC) ਨੇ ਰਾਸ਼ਟਰੀ ਰਾਜਧਾਨੀ 'ਚ ਇਕ ਜਨਵਰੀ, 2022 ਤਕ ਪਟਾਕਿਆਂ ਦੀ ਵਿਕਰੀ ਤੇ ਪਟਾਕੇ ਚਲਾਉਣ 'ਤੇ ਪੂਰਨ ਪਾਬੰਦੀ ਲਾਉਣ ਦੇ ਹੁਕਮ ਦਿੱਤੇ। ਹੁਕਮਾਂ ਦੇ ਮੁਤਾਬਕ ਕਈ ਮਾਹਿਰਾਂ ਨੇ ਸੰਕੇਤ ਦਿੱਤਾ ਹੈ ਕਿ ਕੋਵਿਡ-19 ਦੇ ਮਾਮਲਿਆਂ 'ਚ ਵਾਧੇ ਦਾ ਖਦਸ਼ਾ ਹੈ ਤੇ ਪਟਾਕੇ ਚਲਾ ਕੇ ਵੱਡੇ ਪੱਧਰ 'ਤੇ ਜਸ਼ਨ ਮਨਾਉਣ ਲਈ ਵੱਡੀ ਸੰਖਿਆਂ 'ਚ ਲੋਕ ਇਕੱਠੇ ਹੋਣਗੇ।


ਜਿਸ ਨਾਲ ਨਾ ਸਿਰਫ਼ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਹੋਵੇਗੀ, ਬਲਕਿ ਹਵਾ ਪ੍ਰਦੂਸ਼ਣ ਦਾ ਉੱਚ ਪੱਧਰ ਵੀ ਦਿੱਲੀ 'ਚ ਗੰਭੀਰ ਸਿਹਤ ਮਸਲਿਆਂ ਦਾ ਕਾਰਨ ਬਣੇਗਾ। ਹੁਕਮਾਂ 'ਚ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਤੇ ਸਾਹ ਦੀ ਇਨਫੈਕਸ਼ਨ ਦੇ ਅਹਿਮ ਸਬੰਧ ਨੂੰ ਦੇਖਦਿਆਂ ਮੌਜੂਦਾ ਮਹਾਂਮਾਰੀ ਸੰਕਟ ਦੀ ਵਜ੍ਹਾ ਨਾਲ ਪਟਾਕੇ ਚਲਾਉਣਾ ਲੋਕਾਂ ਦੀ ਸਿਹਤ ਲਈ ਠੀਕ ਨਹੀਂ ਹੈ।


ਡੀਪੀਸੀਸੀ ਨੇ ਹੁਕਮਾਂ 'ਚ ਕਿਹਾ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ 'ਚ ਪਹਿਲੀ ਜਨਵਰੀ, 2022 ਤਕ ਸਾਰੇ ਤਰ੍ਹਾਂ ਦੇ ਪਟਾਕੇ ਚਲਾਉਣ ਤੇ ਵੇਚਣ 'ਤੇ ਪੂਰੀ ਪਾਬੰਦੀ ਰਹੇਗੀ। ਡੀਪੀਸੀਸੀ ਨੇ ਜ਼ਿਲ੍ਹਾ ਅਧਿਕਾਰੀਆਂ ਤੇ ਪੁਲਿਸ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਉਹ ਹੁਕਮਾਂ ਦੀ ਪਾਲਣਾ ਕਰਾਉਣ ਤੇ ਰੋਜ਼ਾਨਾ ਕਾਰਵਾਈ ਰਿਪੋਰਟ ਜਮ੍ਹਾ ਕਰਨ।






ਹਾਲ ਹੀ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਸੀ, ਪਿਛਲੇ 3 ਸਾਲ ਤੋਂ ਦੀਵਾਲੀ ਦੇ ਸਮੇਂ ਦਿੱਲੀ ਦੇ ਪ੍ਰਦੂਸ਼ਣ ਦੀ ਖਤਰਨਾਕ ਸਥਿਤੀ ਨੂੰ ਦੇਖਦਿਆਂ ਪਿਛਲੇ ਸਾਲ ਵਾਂਗ ਇਸ ਵਾਰ ਵੀ ਹਰ ਤਰ੍ਹਾਂ ਦੇ ਪਟਾਕਿਆਂ ਦੇ ਭੰਡਾਰ, ਵਿਕਰੀ ਤੇ ਉਪਯੋਗ 'ਤੇ ਪੂਰਨ ਪਾਬੰਦੀ ਲਾਈ ਜਾ ਰਹੀ ਹੈ। ਜਿਸ ਨਾਲ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕੇ।


ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ, ਪਿਛਲੇ ਸਾਲ ਵਪਾਰੀਆਂ ਵੱਲੋਂ ਪਟਾਕਿਆਂ ਦੇ ਭੰਡਾਰ ਦੇ ਮੁਕਾਬਲੇ ਪ੍ਰਦੂਸ਼ਣ ਦੀ ਗੰਭੀਰਤਾ ਨੂੰ ਦੇਖਦਿਆਂ ਦੇਰ ਨਾਲ ਪੂਰਨ ਪਾਬੰਦੀ ਲਾਈ ਗਈ ਜਿਸ ਨਾਲ ਵਪਾਰੀਆਂ ਨੂੰ ਨੁਕਸਾਨ ਹੋਇਆ ਸੀ। ਸਾਰੇ ਵਾਪਰੀਆਂ ਨੂੰ ਅਪੀਲ ਹੈ ਕਿ ਇਸ ਵਾਰ ਪੂਰਣ ਪਾਬੰਦੀ ਨੂੰ ਦੇਖਦਿਆਂ ਕਿਸੇ ਵੀ ਤਰ੍ਹਾਂ ਦਾ ਭੰਡਾਰ ਨਾ ਕਰਨ।