Congress Prashant Kishor : ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਭਾਵੇਂ ਕਾਂਗਰਸ ਵੱਲੋਂ ਕੀਤੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੋਵੇ ਪਰ ਕਾਂਗਰਸ ਉਨ੍ਹਾਂ ਦੇ ਪ੍ਰਸਤਾਵਾਂ 'ਤੇ ਗੰਭੀਰ ਨਜ਼ਰ ਆ ਰਹੀ ਹੈ। ਹੁਣ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਵੀ ਕਿਹਾ ਹੈ ਕਿ ਪਾਰਟੀ ਪ੍ਰਸ਼ਾਂਤ ਕਿਸ਼ੋਰ ਦੇ ਕੁਝ ਸੁਝਾਵਾਂ ਨੂੰ ਲਾਗੂ ਕਰ ਸਕਦੀ ਹੈ।

 

iPAC ਦੇ ਕੰਮਕਾਜ ਨੂੰ ਲੈ ਕੇ ਕੋਈ ਵਿਵਾਦ ਨਹੀਂ : ਚਿਦੰਬਰਮ


ਨਿਊਜ਼ ਚੈਨਲ ਐਨਡੀਟੀਵੀ ਨੂੰ ਦਿੱਤੇ ਇੰਟਰਵਿਊ ਵਿੱਚ ਪੀ ਚਿਦੰਬਰਮ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਵੱਲੋਂ ਪਾਰਟੀ ਦੇ ਪ੍ਰਸਤਾਵ ਨੂੰ ਠੁਕਰਾਏ ਜਾਣ 'ਤੇ ਕਾਂਗਰਸ ਵੱਲੋਂ ਕੋਈ ਸਵਾਲ ਨਹੀਂ ਉਠਾਇਆ ਗਿਆ। ਇਸ ਦੌਰਾਨ ਪੀ ਚਿਦੰਬਰਮ ਨੇ ਉਨ੍ਹਾਂ ਅਟਕਲਾਂ 'ਤੇ ਵੀ ਜਵਾਬ ਦਿੱਤਾ ਕਿ ਕਾਂਗਰਸ ਪ੍ਰਸ਼ਾਂਤ ਕਿਸ਼ੋਰ ਦੀ ਕੰਪਨੀ iPAC ਦੇ ਤੇਲੰਗਾਨਾ ਰਾਸ਼ਟਰ ਸਮਿਤੀ ਨਾਲ ਕੰਮ ਕਰਨ ਨਾਲ ਨਾਖੁਸ਼ ਹੈ। ਚਿਦੰਬਰਮ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਜਿਹੀ ਕੋਈ ਗੱਲ ਨਹੀਂ ਸੀ।

 

ਇਸ ਦੌਰਾਨ ਚਿਦੰਬਰਮ ਨੇ ਪ੍ਰਸ਼ਾਂਤ ਕਿਸ਼ੋਰ ਦੇ ਡਾਟਾ ਇਕੱਠਾ ਕਰਨ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਪਾਰਟੀ ਉਨ੍ਹਾਂ ਵੱਲੋਂ ਦਿੱਤੇ ਪ੍ਰਸਤਾਵ 'ਤੇ ਕਾਰਵਾਈ ਕਰ ਸਕਦੀ ਹੈ। ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਪਾਰਟੀ ਕੋਲ ਅਜਿਹਾ ਡਾਟਾ ਉਪਲਬਧ ਹੋਵੇਗਾ। ਜਿਸ ਵਿੱਚ ਹਰ ਤਰ੍ਹਾਂ ਦੀ ਜਾਣਕਾਰੀ ਸ਼ਾਮਿਲ ਹੈ।


ਇਸ ਦੌਰਾਨ ਚਿਦੰਬਰਮ ਨੇ ਕਾਂਗਰਸ ਵਿੱਚ ਪੈਦਾ ਹੋਈ ਲੀਡਰਸ਼ਿਪ ਸਮੱਸਿਆ ਨੂੰ ਵੀ ਮੰਨਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਕੁਝ ਮੁਸ਼ਕਲਾਂ ਜ਼ਰੂਰ ਹਨ ਪਰ ਅਗਸਤ ਮਹੀਨੇ ਹੋਣ ਵਾਲੀਆਂ ਪਾਰਟੀ ਦੀਆਂ ਅੰਦਰੂਨੀ ਚੋਣਾਂ ਤੋਂ ਬਾਅਦ ਅਜਿਹੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਪਾਰਟੀ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਕਰ ਰਹੀ ਹੈ।

 

ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਤੋਂ ਕੀਤਾ ਸੀ ਇਨਕਾਰ
  


ਦੱਸ ਦੇਈਏ ਕਿ ਪ੍ਰਸ਼ਾਂਤ ਕਿਸ਼ੋਰ ਪਿਛਲੇ ਕਈ ਦਿਨਾਂ ਤੋਂ ਕਾਂਗਰਸ ਦੇ ਕਾਫੀ ਕਰੀਬ ਆ ਗਏ ਸਨ। ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਕਈ ਵਾਰ ਮੁਲਾਕਾਤ ਕਰ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕਾਂਗਰਸ ਨੂੰ ਇੱਕ ਪੇਸ਼ਕਾਰੀ ਵੀ ਦਿੱਤੀ ਗਈ, ਜਿਸ ਵਿੱਚ ਕਈ ਅਹਿਮ ਸੁਝਾਅ ਵੀ ਸ਼ਾਮਲ ਸਨ। ਇਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਪੀਕੇ ਜਲਦ ਹੀ ਕਾਂਗਰਸ 'ਚ ਸ਼ਾਮਲ ਹੋਣ ਜਾ ਰਹੇ ਹਨ। ਪਰ ਇਨ੍ਹਾਂ ਸਾਰੀਆਂ ਅਟਕਲਾਂ 'ਤੇ ਉਸ ਸਮੇਂ ਵਿਰਾਮ ਲੱਗ ਗਿਆ ਜਦੋਂ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।