ਮੁੰਬਈ: ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਆਕਾਸ਼ ਵਿਜੇਵਰਗੀਆ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਬੈਟ ਨਾਲ ਕੁੱਟਣ ਦਾ ਮਾਮਲਾ ਹਾਲੇ ਠੰਢਾ ਨਹੀਂ ਸੀ ਪਿਆ ਕਿ ਹੁਣ ਕਾਂਗਰਸ ਦੇ ਵਿਧਾਇਕ ਨਿਤੇਸ਼ ਰਾਣੇ ਨੇ ਇੱਕ ਹਾਈਵੇਅ ਇੰਜਨੀਅਰ ਨਾਲ ਬਦਸਲੂਕੀ ਕੀਤੀ ਹੈ। ਵਿਧਾਇਕ ਨੇ ਇੰਜਨੀਅਰ ਨੂੰ ਰੱਸੀ ਨਾਲ ਬੰਨ੍ਹ ਚਿੱਕੜ ਨਾਲ ਨੁਹਾ ਦਿੱਤਾ।

ਮਹਾਰਾਸ਼ਟਰ ਕਾਂਗਰਸ ਦਾ ਇਹ ਕਾਂਗਰਸੀ ਵਿਧਾਇਕ ਦਿੱਗਜ ਨੇਤਾ ਨਾਰਾਇਣ ਰਾਣੇ ਦੇ ਪੁੱਤਰ ਹਨ। ਸਮਾਚਾਰ ਏਜੰਸੀ ਏਐਨਆਈ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਨਿਤੇਸ਼ ਰਾਣੇ ਤੇ ਉਸ ਦੇ ਸਾਥੀਆਂ ਨੇ ਇੰਜਨੀਅਰ ਪ੍ਰਕਾਸ਼ ਸ਼ੇਡੇਕਰ ਉੱਪਰ ਚਿੱਕੜ ਸੁੱਟਦੇ ਵੇਖੇ ਜਾ ਸਕਦੇ ਹਨ। ਵਿਧਾਇਕ ਤੇ ਉਸ ਦੇ ਸਾਥੀ ਹਾਈਵੇਅ ਦਾ ਮੁਆਇਨਾ ਕਰ ਰਹੇ ਸਨ।


ਦਰਅਸਲ, ਮੁੰਬਈ-ਗੋਆ ਹਾਈਵੇਅ 'ਤੇ ਕਣਕਵਲੀ ਵਿੱਚ ਸੜਕ 'ਤੇ ਕਾਫੀ ਟੋਏ ਸਨ, ਜਿਨ੍ਹਾਂ ਨੂੰ ਭਰਿਆ ਨਹੀਂ ਸੀ ਜਾ ਰਿਹਾ। ਲੋਕ ਚਿੱਕੜ ਵਿੱਚ ਹੀ ਸਫਰ ਕਰ ਰਹੇ ਸਨ। ਇਸੇ ਗੱਲ ਤੋਂ ਨਾਰਾਜ਼ ਨਿਤੇਸ਼ ਰਾਣੇ ਦੇ ਵਰਕਰਾਂ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ।

ਕੁਝ ਦਿਨ ਪਹਿਲਾਂ ਇੰਦੌਰ ਨਗਰ ਨਿਗਮ ਦਾ ਦਲ ਗੰਜੀ ਖੇਤਰ ਵਿੱਚ ਮਕਾਨ ਢਾਹੁਣ ਆਇਆ ਸੀ। ਇਸ ਦੀ ਸੂਚਨਾ ਮਿਲਦੇ ਹੀ ਭਾਜਪਾ ਵਿਧਾਇਕ ਆਕਾਸ਼ ਵਿਜੇਵਰਗੀਯ ਦੀ ਨਗਰ ਨਿਗਮ ਅਧਿਕਾਰੀਆਂ ਨਾਲ ਤਿੱਖੀ ਬਹਿਸ ਹੋ ਗਈ। ਉਸ ਨੇ ਨਗਰ ਨਿਮਗ ਅਧਿਕਾਰੀ ਦੀ ਬੱਲੇ ਨਾਲ ਪਿਟਾਈ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਆਕਾਸ਼ ਨੂੰ ਜੇਲ੍ਹ ਭੇਜ ਦਿੱਤਾ। ਹਾਲਾਂਕਿ, ਬਾਅਦ ਵਿੱਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਇਸ ਘਟਨਾ ਨੂੰ ਬਰਦਾਸ਼ਤ ਤੋਂ ਬਾਹਰ ਦੱਸਿਆ ਸੀ।