AICC President Election: ਕਾਂਗਰਸ ਪ੍ਰਧਾਨ ਦੀ ਚੋਣ ਲਈ ਉਮੀਦਵਾਰ ਮੱਲਿਕਾਰਜੁਨ ਖੜਗੇ ਅੱਜ ਦੁਪਹਿਰ 12.30 ਵਜੇ 10-ਰਾਜਾਜੀ ਮਾਰਗ 'ਤੇ ਪ੍ਰੈੱਸ ਕਾਨਫਰੰਸ ਕਰਨਗੇ। ਇੱਕ ਦਿਨ ਪਹਿਲਾਂ ਉਨ੍ਹਾਂ ਨੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ।
ਝਾਰਖੰਡ ਦੇ ਸਾਬਕਾ ਮੰਤਰੀ ਕੇਐਨ ਤ੍ਰਿਪਾਠੀ ਦੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਸ਼ਨੀਵਾਰ ਨੂੰ ਰੱਦ ਕਰ ਦਿੱਤੇ ਗਏ, ਜਿਸ ਨਾਲ ਪਾਰਟੀ ਨੇਤਾਵਾਂ ਮੱਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਾਲੇ ਸਿੱਧਾ ਮੁਕਾਬਲਾ ਹੋ ਗਿਆ। ਤਿੰਨਾਂ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜੋ ਕਿ ਪ੍ਰਕਿਰਿਆ ਦਾ ਆਖਰੀ ਦਿਨ ਸੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 8 ਅਕਤੂਬਰ ਹੈ ਅਤੇ ਉਮੀਦਵਾਰਾਂ ਦੀ ਅੰਤਿਮ ਸੂਚੀ ਉਸੇ ਦਿਨ ਸ਼ਾਮ 5 ਵਜੇ ਜਾਰੀ ਕੀਤੀ ਜਾਵੇਗੀ।
ਕਾਂਗਰਸ 22 ਸਾਲਾਂ ਬਾਅਦ ਚੁਣੇਗੀ ਪ੍ਰਧਾਨ
ਕਾਂਗਰਸ ਪਾਰਟੀ 22 ਸਾਲਾਂ ਬਾਅਦ ਆਪਣਾ ਪ੍ਰਧਾਨ ਚੁਣਨ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਲ 2000 ਵਿੱਚ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਹੋਈ ਸੀ। 30 ਸਤੰਬਰ ਨੂੰ ਹੋਈ ਨਾਮਜ਼ਦਗੀ ਵਿੱਚ ਤਿੰਨ ਆਗੂਆਂ ਨੇ ਨਾਮਜ਼ਦਗੀ ਕੀਤੀ ਸੀ, ਜਿਨ੍ਹਾਂ ਵਿੱਚੋਂ ਕੇਐਨ ਤ੍ਰਿਪਾਠੀ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ। ਅਜਿਹੇ 'ਚ ਮੱਲਿਕਾਰਜੁਨ ਅਤੇ ਸ਼ਸ਼ੀ ਥਰੂਰ ਵਿਚਾਲੇ ਮੁਕਾਬਲਾ ਹੈ। ਜੇਕਰ ਮੱਲਿਕਾਰਜੁਨ ਖੜਗੇ ਇਹ ਚੋਣ ਜਿੱਤ ਜਾਂਦੇ ਹਨ ਤਾਂ ਉਹ ਪਾਰਟੀ ਦੇ ਸਭ ਤੋਂ ਬਜ਼ੁਰਗ ਪ੍ਰਧਾਨ ਬਣ ਜਾਣਗੇ। ਉਨ੍ਹਾਂ ਦੀ ਉਮਰ 80 ਸਾਲ ਹੈ।
ਨਤੀਜੇ 19 ਅਕਤੂਬਰ ਨੂੰ ਆਉਣਗੇ
ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪ੍ਰਕਿਰਿਆ 24 ਸਤੰਬਰ ਨੂੰ ਸ਼ੁਰੂ ਹੋਈ ਸੀ। ਪਿਛਲੇ ਸ਼ੁੱਕਰਵਾਰ ਯਾਨੀ ਕਿ 30 ਸਤੰਬਰ ਨਾਮਜ਼ਦਗੀਆਂ ਦੀ ਆਖਰੀ ਤਰੀਕ ਸੀ। ਉਮੀਦਵਾਰਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ 8 ਅਕਤੂਬਰ ਰੱਖੀ ਗਈ ਹੈ। ਇਸ ਦੇ ਨਾਲ ਹੀ 17 ਅਕਤੂਬਰ ਨੂੰ ਵੋਟਿੰਗ ਹੋਵੇਗੀ। ਇਸ ਤੋਂ ਬਾਅਦ 19 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਕਾਂਗਰਸ ਨੂੰ ਆਪਣਾ ਨਵਾਂ ਪ੍ਰਧਾਨ ਮਿਲ ਜਾਵੇਗਾ।