Congress President Election: ਕਾਂਗਰਸ ਪਾਰਟੀ ਨੂੰ ਅਗਲੇ ਕੁਝ ਦਿਨਾਂ ਵਿੱਚ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਕਾਂਗਰਸ ਦਾ ਪ੍ਰਧਾਨ ਗਾਂਧੀ ਪਰਿਵਾਰ ਤੋਂ ਨਹੀਂ ਹੋਵੇਗਾ। ਅਸ਼ੋਕ ਗਹਿਲੋਤ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਰਾਹੁਲ ਗਾਂਧੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਗਾਂਧੀ ਪਰਿਵਾਰ 'ਚੋਂ ਕੋਈ ਵੀ ਪਾਰਟੀ ਦੀ ਵਾਗਡੋਰ ਨਹੀਂ ਸੰਭਾਲੇਗਾ। ਹਾਲਾਂਕਿ ਪਾਰਟੀ ਦੇ ਕਈ ਨੇਤਾ ਚਾਹੁੰਦੇ ਸੀ ਕਿ ਰਾਹੁਲ ਗਾਂਧੀ ਮੁੜ ਪ੍ਰਧਾਨ ਬਣ ਜਾਣਨ। ਇੱਥੇ ਇਹ ਵੀ ਦੱਸ ਦੇਈਏ ਕਿ ਰਾਹੁਲ ਗਾਂਧੀ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਹੀ ਇਸ ਦੇ ਸੰਕੇਤ ਦਿੱਤੇ ਸੀ।
'ਮੈਂ ਆਪਣੇ ਬਿਆਨ 'ਤੇ ਕਾਇਮ'
2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰਾਹੁਲ ਗਾਂਧੀ ਪ੍ਰਧਾਨ ਦੇ ਅਹੁਦੇ 'ਤੇ ਸੀ ਅਤੇ ਉਨ੍ਹਾਂ ਨੇ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਸਤੀਫਾ ਸੌਂਪਣ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਕਾਂਗਰਸ ਦਾ ਅਗਲਾ ਪ੍ਰਧਾਨ ਗਾਂਧੀ ਪਰਿਵਾਰ ਤੋਂ ਬਾਹਰ ਹੋਵੇਗਾ। ਇਸ ਦੇ ਨਾਲ ਹੀ ਭਾਰਤ ਜੋੜੋ ਯਾਤਰਾ ਦੌਰਾਨ ਵੀ ਉਨ੍ਹਾਂ ਕਿਹਾ ਕਿ ਉਹ ਆਪਣੇ ਪੁਰਾਣੇ ਸਟੈਂਡ 'ਤੇ ਕਾਇਮ ਹਨ।
ਅਸਤੀਫਾ ਦਿੰਦੇ ਹੋਏ ਰਾਹੁਲ ਗਾਂਧੀ ਨੇ ਹੋਰ ਕੀ ਕਿਹਾ ਸੀ?
ਰਾਹੁਲ ਗਾਂਧੀ ਨੇ ਕਿਹਾ ਸੀ ਕਿ ਲੋਕ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਮੈਂ ਲੈਂਦਾ ਹਾਂ। ਉਨ੍ਹਾਂ ਕਿਹਾ, "ਸਾਡੀ ਪਾਰਟੀ ਦੇ ਵਿਕਾਸ ਲਈ ਜਵਾਬਦੇਹੀ ਜ਼ਰੂਰੀ ਹੈ। ਇਸੇ ਕਾਰਨ ਮੈਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਕਾਂਗਰਸ ਪ੍ਰਧਾਨ ਦੇ ਅਹੁਦੇ 'ਤੇ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ।"
ਰਾਹੁਲ ਗਾਂਧੀ ਨੇ ਕਿਹਾ ਸੀ, "2019 'ਚ ਹਾਰ ਲਈ ਪਾਰਟੀ ਨੂੰ ਮੁੜ ਸੰਗਠਿਤ ਕਰਨ ਦੀ ਲੋੜ ਹੈ। ਪਾਰਟੀ ਦੀ ਹਾਰ ਲਈ ਲੋਕਾਂ ਨੂੰ ਸਮੂਹਿਕ ਤੌਰ 'ਤੇ ਸਖ਼ਤ ਫੈਸਲੇ ਲੈਣੇ ਪੈਣਗੇ।"
ਕੌਣ ਹੋਵੇਗਾ ਕਾਂਗਰਸ ਦਾ ਅਗਲਾ ਪ੍ਰਧਾਨ?
ਕਾਂਗਰਸ ਪ੍ਰਧਾਨ ਦੀ ਚੋਣ ਲਈ ਅੱਜ ਤੋਂ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ ਹਨ। ਭਰਤੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਵੇਗੀ। ਲੰਬੀ ਉਡੀਕ ਅਤੇ ਕਾਫੀ ਮਿਹਨਤ ਤੋਂ ਬਾਅਦ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਹੋ ਰਹੀ ਹੈ। ਕਈ ਸਾਲਾਂ ਬਾਅਦ ਅਜਿਹਾ ਹੋ ਰਿਹਾ ਹੈ ਕਿ ਗਾਂਧੀ ਪਰਿਵਾਰ ਦਾ ਕੋਈ ਵੀ ਵਿਅਕਤੀ ਚੋਣਾਂ ਵਿੱਚ ਨਹੀਂ ਖੜ੍ਹਾ ਹੋ ਰਿਹਾ। ਇਸ ਸਮੇਂ ਪ੍ਰਧਾਨ ਦੇ ਅਹੁਦੇ ਲਈ 2 ਨਾਂ ਸਭ ਤੋਂ ਅੱਗੇ ਹਨ। ਹਾਲਾਂਕਿ 2-3 ਦਿਨਾਂ 'ਚ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਕੌਣ ਪ੍ਰਧਾਨ ਲਈ ਆਪਣਾ ਦਾਅਵਾ ਪੇਸ਼ ਕਰੇਗਾ ਅਤੇ ਕੌਣ ਜਿੱਤੇਗਾ।
ਮੌਜੂਦਾ ਸਮੇਂ ਵਿੱਚ ਸਭ ਤੋਂ ਪਹਿਲਾ ਨਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਹੈ। ਅਸ਼ੋਕ ਦਾ ਪਲੜਾ ਸਭ ਤੋਂ ਭਾਰਾ ਹੈ। ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਇਸ ਨੂੰ ਨਿਭਾਉਣਗੇ। ਦੂਜੇ ਪਾਸੇ ਦੂਜੇ ਉਮੀਦਵਾਰ ਵਜੋਂ ਸ਼ਸ਼ੀ ਥਰੂਰ ਦਾ ਨਾਂ ਸਭ ਤੋਂ ਅੱਗੇ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਹੁਣ ਸਾਰਿਆਂ ਵਿਚ ਚਰਚਾ ਹੈ ਕਿ ਮਨੀਸ਼ ਤਿਵਾੜੀ ਵੀ ਪ੍ਰਧਾਨ ਦੇ ਅਹੁਦੇ ਲਈ ਫਾਰਮ ਭਰ ਸਕਦੇ ਹਨ।