ਬੈਂਗਲੁਰੂ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫੇਰ ਰਾਫੇਲ ਸੌਦੇ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਜੇਕਰ ਰਾਫੇਲ ਸੌਦੇ ‘ਤੇ ਪੀਐਮਓ ਤੇ ਫਰਾਂਸ ਸਰਕਾਰ ‘ਚ ਹੋਏ ਸਮਾਨਾਂਤਰ ਵਾਰਤਾ ਦੇ ਦਸਤਾਵੇਜਾਂ ਦੀ ਜਾਂਚ ਹੋਵੇ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕਾਰੋਬਾਰੀ ਅਨਿਲ ਅੰਬਾਨੀ ਦੋਵੇਂ ਜੇਲ੍ਹ ਜਾਣਗੇ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਹ ਗੱਲਾਂ ਇੱਕ ਸਮਾਗਮ ‘ਚ ਉਦੋਂ ਕਹੀਆਂ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਹਰ ਕੋਈ ਕਿਉਂ ਕਹਿ ਰਿਹਾ ਹੈ ਕਿ ਚੌਕੀਦਾਰ ਚੋਰ ਹੈ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਨਵੀਂ ਸਰਕਾਰ ਦੇ ਕਾਰਜਭਾਰ ਸਾਂਭਣ ‘ਤੇ ਪ੍ਰਧਾਨ ਮੰਤਰੀ ਨੇ ਖੁਦ ਸਮਾਨਾਂਤਰ ਵਾਰਤਾ ‘ਚ ਇੱਕ ਜਹਾਜ਼ ਲਈ 526 ਕਰੋੜ ਰੁਪਏ ਦੀ ਥਾਂ 1,600 ਕਰੋੜ ਰੁਪਏ ਦੇਣ ਨੂੰ ਤਿਆਰ ਹੋਏ ਸੀ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, “ਜੇਕਰ ਪ੍ਰਧਾਨ ਮੰਤਰੀ ਦੋਸ਼ੀ ਨਹੀਂ ਹਨ ਤਾਂ ਉਨ੍ਹਾਂ ਨੂੰ ਕਹਿਣਾ ਚਾਹੀਦਾ-ਮੈਂ ਇਸ ਗੱਲ ਦੀ ਜਾਂਚ ਕਰਾ ਰਿਹਾ ਹਾਂ, ਜੋ ਲੋਕ ਜ਼ਿੰਮੇਵਾਰ ਹੋਣਗੇ, ਉਹ ਜੇਲ੍ਹ ਜਾਣਗੇ, ਪਰ ਉਹ ਅਜਿਹਾ ਨਹੀਂ ਕਰ ਰਹੇ ਹਨ।”