ਨਵੀਂ ਦਿੱਲੀ: ਜਦ ਤੋਂ ਪੰਜਾਬ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਅਧਿਕਾਰ ਖੇਤਰ ਦਾ ਦਾਇਰਾ ਵਧਾਇਆ ਗਿਆ ਹੈ, ਉਦੋਂ ਤੋਂ ਕਾਂਗਰਸ ਲਗਾਤਾਰ ਭਾਜਪਾ ਉੱਤੇ ਹਮਲੇ ਕਰ ਰਹੀ ਹੈ। ਕਾਂਗਰਸੀ ਨੇਤਾ ਰਣਦੀਪ ਸੁਰਜੇਵਾਲਾ ਨੇ ਇਸ ਨੂੰ ਕੇਂਦਰ ਦਾ ਇੱਕਤਰਫਾ ਫੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਬੀਐਸਐਫ ਦੇ ਅਧਿਕਾਰ ਖੇਤਰ ਨੂੰ ਵਧਾਉਣ ਦੇ ਆਦੇਸ਼ ਨੂੰ ਗੁਜਰਾਤ ਵਿੱਚ ਨਸ਼ਿਆਂ ਦੀ ਬਰਾਮਦਗੀ ਨਾਲ ਜੋੜ ਦਿੱਤਾ।
ਸੁਰਜੇਵਾਲਾ ਨੇ ਟਵੀਟ ਵਿੱਚ ਕਿਹਾ, "ਦਿ ਕ੍ਰੋਨੋਲਾਜੀ- 25,000 ਕਿਲੋਗ੍ਰਾਮ ਹੈਰੋਇਨ 9 ਜੂਨ 2021 ਨੂੰ ਗੁਜਰਾਤ ਦੇ ਅਡਾਨੀ ਬੰਦਰਗਾਹ ਤੋਂ ਪਹੁੰਚੀ। 13 ਸਤੰਬਰ 2021 ਨੂੰ ਗੁਜਰਾਤ ਦੇ ਅਡਾਨੀ ਬੰਦਰਗਾਹ ਤੋਂ 3,000 ਕਿਲੋਗ੍ਰਾਮ ਹੈਰੋਇਨ ਫੜੀ ਗਈ ਪੰਜਾਬ ਵਿੱਚ ਬੀਐਸਐਫ਼ ਦਾ ਅਧਿਕਾਰ ਖੇਤਰ ਇੱਕਤਰਫ਼ਾ 15 ਕਿਲੋਮੀਟਰ ਵਧਾ ਕੇ 50 ਕਿਲੋਮੀਟਰ ਕੀਤਾ ਗਿਆ। ਸੰਘਵਾਦ (ਫ਼ੈਡਰਿਲਜ਼ਮ) ਖਤਮ, ਸਾਜ਼ਿਸ਼ ਸਪੱਸ਼ਟ।"
ਰਣਦੀਪ ਸੁਰਜੇਵਾਲਾ ਦਾ ਵਿਅਤਗ ਉਸ ਫੈਸਲੇ ਬਾਰੇ ਹੈ, ਜਿਸ ਵਿੱਚ ਕੇਂਦਰ ਸਰਕਾਰ ਨੇ ਬੀਐਸਐਫ ਨੂੰ ਅੰਤਰਰਾਸ਼ਟਰੀ ਸਰਹੱਦ ਦੇ 50 ਕਿਲੋਮੀਟਰ ਦੇ ਅੰਦਰ ਖੇਤਰ ਵਿੱਚ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲੈਣ, ਗ੍ਰਿਫਤਾਰੀ ਅਤੇ ਜ਼ਬਤੀਆਂ ਕਰਨ ਦਾ ਅਧਿਕਾਰ ਦਿੱਤਾ ਹੈ। ਇਸ ਤੋਂ ਪਹਿਲਾਂ, ਬੀਐਸਐਫ ਨੂੰ ਪੰਜਾਬ ਵਿੱਚ ਅੰਤਰਰਾਸ਼ਟਰੀ ਸਰਹੱਦ ਤੋਂ 15 ਕਿਲੋਮੀਟਰ ਤੱਕ ਕਾਰਵਾਈ ਕਰਨ ਦਾ ਅਧਿਕਾਰ ਸੀ। ਕਈ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਇਸ ਕਦਮ ਦੇ ਪਿੱਛੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਨੀਅਤ 'ਤੇ ਸਵਾਲ ਚੁੱਕੇ ਹਨ।
ਪੰਜਾਬ ਸਰਕਾਰ ਦਾ ਬਿਆਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕੀਤਾ, "ਮੈਂ ਅੰਤਰਰਾਸ਼ਟਰੀ ਸਰਹੱਦਾਂ ਦੇ ਨਾਲ 50 ਕਿਲੋਮੀਟਰ ਦੇ ਖੇਤਰ ਵਿੱਚ ਬੀਐਸਐਫ ਨੂੰ ਵਾਧੂ ਸ਼ਕਤੀਆਂ ਦੇਣ ਦੇ ਭਾਰਤ ਸਰਕਾਰ ਦੇ ਇੱਕਪਾਸੜ ਫੈਸਲੇ ਦੀ ਸਖਤ ਨਿੰਦਾ ਕਰਦਾ ਹਾਂ, ਜੋ ਕਿ ਸੰਘਵਾਦ 'ਤੇ ਸਿੱਧਾ ਹਮਲਾ ਹੈ। ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਅਸੰਗਤ ਫੈਸਲੇ ਨੂੰ ਤੁਰੰਤ ਵਾਪਸ ਲੈਣ।"
ਹਾਲਾਂਕਿ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਕਦਮ ਦਾ ਸਮਰਥਨ ਕਰਦਿਆਂ ਕਿਹਾ,"ਬੀਐਸਐਫ ਦੀ ਵਧਦੀ ਮੌਜੂਦਗੀ ਅਤੇ ਸ਼ਕਤੀਆਂ ਹੀ ਸਾਨੂੰ ਹੋਰ ਮਜ਼ਬੂਤ ਬਣਾਉਂਦੀਆਂ ਹਨ। ਆਓ ਕੇਂਦਰੀ ਹਥਿਆਰਬੰਦ ਬਲਾਂ ਨੂੰ ਰਾਜਨੀਤੀ ਵਿੱਚ ਨਾ ਘਸੀਟੀਏ।" ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਫੈਸਲੇ ਦੀ ਨਿੰਦਾ ਕੀਤੀ ਤੇ ਕੇਂਦਰ ਨੂੰ ਇਹ ਫ਼ੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ