ਨਵੀਂ ਦਿੱਲੀ: ਭਾਰਤ ਦੀ ਕੇਂਦਰੀ ਸੱਤਾ ’ਤੇ ਜਦੋਂ ਤੋਂ ਮੋਦੀ ਸਰਕਾਰ ਆਈ ਹੈ, ਤਦ ਤੋਂ ਹੀ ਜਿਵੇਂ ਕਾਂਗਰਸ ਦੇ ‘ਅੱਛੇ ਦਿਨ’ ਜਿਵੇਂ ਗ਼ਾਇਬ ਹੀ ਹੋ ਗਏ ਹਨ। ਪੁੱਡੂਚੇਰੀ ’ਚ ਵੀ ਪਿਛਲੇ ਕੁਝ ਦਿਨਾਂ ਤੋਂ ਪੈਦਾ ਹੋਇਆ ਸਿਆਸੀ ਸੰਕਟ ਅੱਜ ਕਾਂਗਰਸ ਦੀ ਨਾਰਾਇਣਸਾਮੀ ਸਰਕਾਰ ਦਾ ‘ਭੋਗ ਪੈਣ’ ਨਾਲ ਆਖ਼ਰ ਖ਼ਤਮ ਹੋ ਗਿਆ।
ਹੁਣ ਕਾਂਗਰਸ ਦੇਸ਼ ਦੇ ਸਿਰਫ਼ ਪੰਜ ਰਾਜਾਂ ਪੰਜਾਬ, ਰਾਜਸਥਾਨ, ਛੱਤੀਸਗੜ੍ਹ, ਮਹਾਰਾਸ਼ਟਰ ਤੇ ਝਾਰਖੰਡ ਵਿੱਚ ਹੀ ਸੱਤਾ ’ਚ ਰਹਿ ਗਈ ਹੈ। ਉਨ੍ਹਾਂ ਵਿੱਚੋਂ ਵੀ ਪੰਜਾਬ, ਰਾਜਸਥਾਨ ਤੇ ਛੱਤੀਸਗੜ੍ਹ ’ਚ ਹੀ ਕਾਂਗਰਸ ਦੀ ਮੁਕੰਮਲ ਸਰਕਾਰ ਹੈ। ਮਹਾਰਾਸ਼ਟਰ ਤੇ ਝਾਰਖੰਡ ’ਚ ਤਾਂ ਕਾਂਗਰਸ ਸਿਰਫ਼ ਸਹਾਇਕ ਦੀ ਭੂਮਿਕਾ ’ਚ ਹੀ ਹੈ। ਉਂਝ ਕਾਂਗਰਸ ਦੀਆਂ ਇਸ ਵਰ੍ਹੇ ਪੱਛਮੀ ਬੰਗਾਲ, ਤਾਮਿਲ ਨਾਡੂ, ਕੇਰਲ, ਆਸਾਮ ਤੇ ਪੁੱਡੂਚੇਰੀ ’ਚ ਹੋਣ ਵਾਲੀਆਂ ਚੋਣਾਂ ’ਤੇ ਵੀ ਹਨ।
ਪੁੱਡੂਚੇਰੀ ’ਚ ਸਰਕਾਰ ਟੁੱਟਣ ਮਗਰੋਂ ਵਰਨਣਯੋਗ ਪੱਖ ਇਹ ਹੈ ਕਿ ਕਿਸੇ ਵੇਲੇ ਦੱਖਣੀ ਭਾਰਤ ’ਚ ਮਜ਼ਬੂਤ ਰਹੀ ਕਾਂਗਰਸ ਦਾ ਹੁਣ ਇਸ ਖ਼ਿੱਤੇ ’ਚੋਂ ਮੁਕੰਮਲ ਖ਼ਾਤਮਾ ਹੀ ਹੋ ਗਿਆ ਹੈ। ਅੱਜ ਉਸ ਦੇ ਹੱਥੋਂ ਇਹ ਆਖ਼ਰੀ ਰਾਜ ਵੀ ਖੁੱਸ ਗਿਆ।
ਦਰਅਸਲ, ਵਿਧਾਨ ਸਭਾ ’ਚ ਭਰੋਸੇ ਦਾ ਵੋਟ ਲੈਣ ਲਈ ਪੇਸ਼ ਕੀਤੇ ਗਏ ਮਤੇ ਉੱਤੇ ਵੋਟਿੰਗ ਤੋਂ ਪਹਿਲਾਂ ਹੀ ਮੁੱਖ ਮੰਤਰੀ ਵੀ. ਨਾਰਾਇਣਸਾਮੀ ਤੇ ਸੱਤਾਧਾਰੀ ਪਾਰਟੀ ਦੇ ਹੋਰ ਵਿਧਾਇਕਾਂ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ।
ਫਿਰ ਉਹ ਰਾਜਨਿਵਾਸ ਪੁੱਜੇ ਤੇ ਨਾਰਾਇਣਸਾਮੀ ਨੇ ਉੱਪ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪਿਆ। ਇਸ ਤੋਂ ਪਹਿਲਾਂ ਪੰਜ ਵਿਧਾਇਕਾਂ ਦੇ ਅਸਤੀਫ਼ਿਆਂ ਕਾਰਣ ਉਨ੍ਹਾਂ ਦੀ ਸਰਕਾਰ ਘੱਟ ਗਿਣਤੀ ’ਚ ਆ ਗਈ ਸੀ।
ਕਰਨਾਟਕ ’ਚ ਵੀ ਜੇਡੀਐਸ ਨਾਲ ਕਿਸੇ ਤਰ੍ਹਾਂ ਕਾਂਗਰਸ ਗੱਠਜੋੜ ਦੀ ਸਰਕਾਰ ਵਿੱਚ ਕੁਝ ਸਮਾਂ ਰਹੀ ਸੀ ਪਰ ਬਾਅਦ ’ਚ ਉੱਥੇ ਭਾਜਪਾ ਨੇ ਕਬਜ਼ਾ ਕਰ ਲਿਆ ਪਰ ਅੱਜ ਦੱਖਣੀ ਭਾਰਤ ’ਚ ਕਾਂਗਰਸ ਦਾ ਕਿਲਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਕੇ ਰਹਿ ਗਿਆ।