Pawan Khera Attack on RSS Chief: ਕਾਂਗਰਸ ਦੇ ਸੀਨੀਅਰ ਨੇਤਾ ਪਵਨ ਖੇੜਾ ਨੇ ਭਾਜਪਾ ਤੇ ਸੰਘ ਮੁਖੀ ਮੋਹਨ ਭਾਗਵਤ 'ਤੇ ਤਿੱਖਾ ਹਮਲਾ ਕੀਤਾ ਹੈ। ਮੋਹਨ ਭਾਗਵਤ ਵੱਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ਤੇ ਹਿੰਦੂਆਂ ਨੂੰ ਇੱਕਜੁੱਟ ਹੋਣ ਦਾ ਸੱਦਾ ਦੇਣ ਮਗਰੋਂ ਕਾਂਗਰਸੀ ਲੀਡਰ ਨੇ ਕਿਹਾ ਕਿ ਅਸਲ ਵਿੱਚ ਹਿੰਦੂਆਂ ਨੂੰ ਖਤਰਾ ਆਰਐਸਐਸ ਤੋਂ ਹੀ ਹੈ।



ਪਵਨ ਖੇੜਾ ਨੇ ਹਰਿਆਣਾ ਐਗਜ਼ਿਟ ਪੋਲ ਨੂੰ ਲੈ ਕੇ ਭਾਜਪਾ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲ ਵਿੱਚ ਟੀਵੀ ਚੈਨਲ ਮੋਦੀ ਦੀ ਥਾਂ ਨੱਡਾ ਤੇ ਸੈਣੀ ਦੀਆਂ ਤਸਵੀਰਾਂ ਦਿਖਾ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦੀ ਹਾਲਤ ਕਿੰਨੀ ਮਾੜੀ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇੰਨਾ ਹੀ ਨਹੀਂ ਇਹ ਲੋਕ ਜੰਮੂ-ਕਸ਼ਮੀਰ 'ਚ ਵੀ ਹਾਰ ਰਹੇ ਹਨ। ਇਸ ਲਈ ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਪੰਜ ਮੈਂਬਰ ਨਾਮਜ਼ਦ ਕੀਤੇ ਗਏ ਹਨ। ਉਹ ਜੋ ਮਰਜ਼ੀ ਸਾਜ਼ਿਸ਼ ਕਰਨ, ਅਸੀਂ ਉੱਥੇ ਸਰਕਾਰ ਬਣਾਉਣ ਜਾ ਰਹੇ ਹਾਂ।



ਮੋਹਨ ਭਾਗਵਤ ਦੇ ਬਿਆਨ 'ਤੇ ਵੀ ਪਵਨ ਖੇੜਾ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਗਵਤ ਨੂੰ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਕਿਸੇ ਦਲਿਤ ਜਾਂ ਆਦਿਵਾਸੀ ਨੂੰ ਆਰਐਸਐਸ ਦਾ ਮੁਖੀ ਬਣਾਉਣਾ ਚਾਹੀਦਾ ਹੈ ਤੇ ਫਿਰ ਜਾਤੀ ਸਮਾਨਤਾ ਦੀ ਗੱਲ ਕਰਨੀ ਚਾਹੀਦੀ ਹੈ। ਜੇਕਰ ਹਿੰਦੂ ਖ਼ਤਰੇ ਵਿੱਚ ਹਨ ਤਾਂ ਉਨ੍ਹਾਂ ਨੂੰ ਤੁਹਾਡੇ ਤੋਂ ਖ਼ਤਰਾ ਹੈ।



ਐਨਆਰਸੀ ਤੇ ਈਡੀ ਦੇ ਛਾਪਿਆਂ 'ਤੇ ਵੀ ਕੀਤੀ ਗੱਲ
ਪਵਨ ਖੇੜਾ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਕਿਹਾ ਕਿ ਕਈ ਸ਼ਹਿਰਾਂ ਵਿੱਚ ਨਸ਼ੇ ਬਰਾਮਦ ਹੋ ਰਹੇ ਹਨ। ਸਭ ਤੋਂ ਵੱਧ ਨਸ਼ੇ ਮੁੰਦਰਾ ਬੰਦਰਗਾਹ ਤੋਂ ਫੜੇ ਜਾ ਰਹੇ ਹਨ। ਉੱਥੋਂ ਨਿਕਲ ਕਿਵੇਂ ਰਹੇ ਹਨ? 'ਆਪ' ਸਾਂਸਦ 'ਤੇ ਈਡੀ ਦੇ ਛਾਪੇ ਬਾਰੇ ਉਨ੍ਹਾਂ ਕਿਹਾ ਕਿ ਈਡੀ ਭਾਜਪਾ ਦੀ ਐਡਵਾਂਸ ਪਾਰਟੀ ਹੈ। ਝਾਰਖੰਡ 'ਚ ਐਨਆਰਸੀ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਗੁੰਮਰਾਹ ਕਰਨ ਦਿਓ, ਲੋਕ ਜਾਣਦੇ ਹਨ ਕਿ ਕਿਹੜੇ ਮੁੱਦਿਆਂ 'ਤੇ ਵੋਟ ਪਾਉਣੀ ਹੈ।



ਮੋਹਨ ਭਾਗਵਤ ਨੇ ਕੀ ਕਿਹਾ?
ਦਰਅਸਲ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਸ਼ਨੀਵਾਰ (5 ਅਕਤੂਬਰ 2024) ਨੂੰ ਰਾਜਸਥਾਨ ਦੇ ਬਾੜਾ ਵਿੱਚ ਇੱਕ ਪ੍ਰੋਗਰਾਮ ਵਿੱਚ ਹਿੰਦੂ ਭਾਈਚਾਰੇ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਸੀ। ਉਨ੍ਹਾਂ ਨੇ ਮਤਭੇਦ ਭੁਲਾ ਕੇ ਏਕਤਾ 'ਤੇ ਜ਼ੋਰ ਦਿੱਤਾ ਸੀ। ਮੋਹਨ ਭਾਗਵਤ ਨੇ ਕਿਹਾ ਸੀ ਕਿ ਸਮਾਜ ਵਿੱਚ ਅਨੁਸ਼ਾਸਨ, ਕਰਤੱਵ ਤੇ ਟੀਚੇ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਸੀ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ ਤੇ ਇੱਥੇ ਸਾਰੇ ਸੰਪਰਦਾਵਾਂ ਦਾ ਸਨਮਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ ਆਪਣੇ ਆਪ ਨੂੰ ਮਜ਼ਬੂਤ ​​ਕਰਨ ਲਈ ਭਾਸ਼ਾ, ਜਾਤ ਤੇ ਖੇਤਰ ਦੇ ਆਧਾਰ 'ਤੇ ਵਖਰੇਵੇਂ ਨੂੰ ਖਤਮ ਕਰਨਾ ਹੋਵੇਗਾ।