ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਵਿੱਚ ਘਸਮਾਣ ਛਿੜਿਆ ਹੋਇਆ ਹੈ। ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਇੱਕ-ਦੂਜੇ ਤੋਂ ਨਾਰਾਜ਼ ਹਨ। ਹਰਿਆਣਾ ਦੇ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਵੀ ਖੁੱਲ੍ਹ ਕੇ ਨਾਰਾਜ਼ਗੀ ਦਾ ਪ੍ਰਗਟਾਵਾ ਕਰਦੇ ਵਿਖਾਈ ਦੇ ਰਹੇ ਹਨ। ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਵਿੱਚ ਗੁਟਬਾਜ਼ੀ ਹੋ ਰਹੀ ਹੈ ਤੇ ਮੱਧ ਪ੍ਰਦੇਸ਼ ਵਿੱਚ ਸੱਤਾ ਵਿੱਚ ਹੋਣ ਦੇ ਬਾਵਜੂਦ ਜਿਓਤੀਰਾਦਿੱਤਿਆ ਸਿੰਧੀਆ ਆਪਣੀ ਹਾਰ ਦੇ ਕਾਰਨ ਖੋਜ ਰਹੇ ਹਨ। ਤੇਲੰਗਾਨਾ ਵਿੱਚ 12 ਵਿਧਾਇਕ ਕਾਂਗਰਸ ਛੱਡ ਕੇ ਟੀਆਰਐਸ ਵਿੱਚ ਸ਼ਾਮਲ ਹੋ ਚੁੱਕੇ ਹਨ।

ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਹਾਰ ਤੋਂ ਤਾਂ ਕਾਂਗਰਸ ਹਾਈਕਮਾਨ ਵੀ ਖਾਸੀ ਨਾਰਾਜ਼ ਹੈ। ਇੱਥੇ ਬੀਜੇਪੀ ਨੂੰ ਹਰਾ ਕੇ ਕਾਂਗਰਸ ਦੀ ਸਰਕਾਰ ਬਣੀ ਸੀ ਤੇ ਪੰਜ ਮਹੀਨਿਆਂ ਬਾਅਦ ਲੋਕ ਸਭਾ ਚੋਣਾਂ ਵਿੱਚ ਤਸਵੀਰ ਹੀ ਬਦਲ ਗਈ। ਮੱਧ ਪ੍ਰਦੇਸ਼ ਵਿੱਚ ਕਾਂਗਰਸ ਸਿਰਫ ਇੱਕ ਸੀਟ ਜਿੱਤ ਸਕੀ ਤੇ ਰਾਜਸਥਾਨ ਤੇ ਹਰਿਆਣਾ ਵਿੱਚ ਤਾਂ ਖਾਤਾ ਵੀ ਨਹੀਂ ਖੁੱਲ੍ਹਿਆ। ਇਹੋ ਕਾਰਨ ਹੈ ਕਿ ਇੱਥੋਂ ਦੇ ਕੁਝ ਵਿਧਾਇਕਾਂ ਨੇ ਬਾਗ਼ੀ ਸੁਰਾਂ ਉਠਾਉਂਦਿਆਂ ਕਿਹਾ ਹੈ ਕਿ ਅਸ਼ੋਕ ਗਹਿਲੋਤ ਦੀ ਬਜਾਏ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ।

ਮੱਧ ਪ੍ਰਦੇਸ਼ ਵਿੱਚ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਕਮਲ ਨਾਥ ਨਾਲ ਨਾਰਾਜ਼ਗੀ ਜਤਾਈ ਕਿ ਉਨ੍ਹਾਂ ਜ਼ਿਦ ਕਰਕੇ ਆਪਣੇ ਪੁੱਤਰ ਨੂੰ ਛਿੰਦਵਾੜਾ ਤੋਂ ਟਿਕਟ ਦਿਵਾਈ ਤੇ ਸਿਰਫ ਉੱਥੇ ਹੀ ਧਿਆਨ ਦਿੱਤਾ। ਅਜਿਹੇ ਵਿੱਚ ਪਾਰਟੀ ਇੱਕੋ ਸੀਟ ਜਿੱਤੀ ਤੇ ਬਾਕੀ ਸਾਰੀਆਂ ਹਾਰ ਗਈ। ਪਿਛਲੇ ਸਾਲ ਵੋਟਾਂ ਦੌਰਾਨ ਮੰਗ ਸੀ ਕਿ ਮੱਧ ਪ੍ਰਦੇਸ਼ ਤੋਂ ਜਿਓਤੀਰਾਦਿੱਤਿਆ ਸਿੰਧੀਆ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਉੱਠੀ ਸੀ। ਪੰਜਾਬ ਵਾਂਗਰ ਇੱਥੇ ਵੀ ਕਾਂਗਰਸ ਦੀ ਗੁਟਬਾਜ਼ੀ ਪੁਰਾਣੀ ਹੈ।