ਨਵੀਂ ਦਿੱਲੀ: ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਉਤ ਨੇ ਅੱਜ ਕਿਹਾ ਕਿ ਕਰਨਾਟਕ ਚੋਣਾਂ ਵਿੱਚ ਕਾਂਗਰਸ ਨੰਬਰ ਇੱਕ ਪਾਰਟੀ ਬਣ ਕੇ ਉਭਰੇਗੀ। ਇੱਕ ਪਾਸੇ ਤਾਂ ਬੀਜੇਪੀ ਨੇ ਜਿੱਤਣ ਲਈ ਸਾਰੀ ਤਾਕਤ ਲਾ ਦਿੱਤੀ ਹੈ ਪਰ ਦੂਜੇ ਪਾਸੇ ਭਾਈਵਾਲ ਪਾਰਟੀ ਦੇ ਆਗੂ ਦਾ ਇਹ ਬਿਆਨ ਪਾਰਟੀ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਸੰਜੇ ਰਾਉਤ ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਦੇ ਕਾਰਜਕਾਰੀ ਸੰਪਾਦਕ ਵੀ ਹਨ। ਕਿਸੇ ਵੀ ਸੂਬੇ ’ਚ ਚੋਣਾਂ ਹੋਣ ’ਤੇ ਬੀਜੇਪੀ ਆਪਣੇ ਕੇਂਦਰ ਦੀ ਸਾਰੀ ਮਸ਼ੀਨਰੀ ਤੇ ਮੁੱਖ ਮੰਤਰੀਆਂ ਨੂੰ ਪ੍ਰਚਾਰ ਮੁਹਿੰਮ ਲਈ ਭੇਜ ਦਿੰਦੀ ਹੈ। ਸੰਜੇ ਰਾਉਤ ਨੇ ਕਿਹਾ ਕਿ ਹਾਲ਼ੇ ਕਰਨਾਟਕ ਵਿੱਚ ਧੁੰਦ ਪਸਾਰੀ ਹੋਈ ਹੈ ਤੇ ਜਦੋਂ ਇਹ ਹਟੇਗੀ ਤਾਂ ਕਾਂਗਰਸ ਪਾਰਟੀ ਨੰਬਰ ਵਨ ਪਾਰਟੀ ਬਣ ਕੇ ਸਾਹਮਣੇ ਆਏਗੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਹੈ। 2019 ’ਚ ਭਾਜਪਾ ਤੇ ਸ਼ਿਵ ਸੈਨਾ ਦੇ ਵੱਖ ਹੋਣ ਦਾ ਦਿੱਤਾ ਸੰਕੇਤ ਸੰਜੇ ਰਾਉਤ ਨੇ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਮਹਾਂਰਾਸ਼ਟਰ ਵਿੱਚ ਹੋਣ ਵਾਲੀਆਂ ਵਿਧਾਨ ਪਰਿਸ਼ਦ ਚੋਣਾਂ ਲਈ ਬੀਜੇਪੀ ਤੇ ਸ਼ਿਵ ਸੈਨਾ ਦੇ ਸਾਥ ਦਾ ਇਹ ਮਤਲਬ ਨਹੀਂ ਕਿ 2019 ’ਚ ਹੋਣ ਵਾਲੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿੱਚ ਵੀ ਦੋਵਾਂ ਪਾਰਟੀਆਂ ਦਾ ਗਠਬੰਧਨ ਹੋਵੇਗਾ। ਯੋਗੀ ਅਦਿੱਤਿਆ ਨਾਥ ’ਤੇ ਕੱਸਿਆ ਨਿਸ਼ਾਨਾ ਮੁੱਖ ਮੰਤਰੀ ਯੋਗੀ ’ਤੇ ਕਰਾਰਾ ਵਾਰ ਕਰਦਿਆਂ ਰਾਉਤ ਨੇ ਕਿਹਾ ਕਿ ਜਦੋਂ ਉੱਤਰ ਪ੍ਰਦੇਸ਼ ਵਿੱਚ ਤੂਫ਼ਾਨ ਦੀ ਚਪੇਟ ਵਿੱਚ ਆ ਗਿਆ ਤਾਂ ਯੋਗੀ ਕਰਨਾਟਕ ਵਿੱਚ ਚੋਣ ਪ੍ਰਚਾਰ ਕਰਨ ਲਈ ਚਲੇ ਗਏ। ਰਾਉਤ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਵੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਆਪਣੇ ਹੀ ਸੂਬੇ ਦੇ ਲੋਕਾਂ ’ਤੇ ਭਰੋਸਾ ਨਹੀਂ ਜਿਸ ਲਈ ਉਹ ਏਨੀਆਂ ਚੋਣ ਰੈਲੀਆਂ ਕਰ ਰਹੇ ਹਨ। ਜੇ ਪ੍ਰਧਾਨ ਮੰਤਰੀ ਦੀ ਜ਼ਰੂਰਤ ਦਿੱਲੀ ਵਿੱਚ ਹੈ ਤਾਂ ਕਰਨਾਟਕ ਵਿੱਚ ਉਨ੍ਹਾਂ ਦਾ ਚੋਣ ਪ੍ਰਚਾਰ ਕਰਨਾ ਕਿੰਨਾ ਕੁ ਜਾਇਜ਼ ਹੈ।