ਨਵੀਂ ਦਿੱਲੀ: ਕਸ਼ਮੀਰ 'ਚ ਦੋ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਮੁਸਲਿਮ ਭਾਈਚਾਰੇ ਦੇ ਅੱਧ-ਉਮਰ ਦੇ ਮੈਂਬਰਾਂ ਨਾਲ ਵਿਆਹ ਕਰਾਉਣ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਇਸ ਮਾਮਲੇ ਵਿਚ ਰਾਹਤ ਦੀ ਗੱਲ ਇਹ ਹੈ ਕਿ ਇਕ ਲੜਕੀ ਦੀ ਘਰ ਵਾਪਸੀ ਹੋ ਗਈ ਹੈ।   ਅੱਜ ਮਨਮੀਤ ਕੌਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਦਿੱਲੀ ਪਹੁੰਚੀ ਹੈ।


ਇਸ ਦੌਰਾਨ ਮਨਜਿੰਦਰ ਸਿਰਸਾ ਨੇ ਕਿਹਾ, "ਸ੍ਰੀਨਗਰ ਦੀ ਸਿੱਖ ਬੇਟੀ ਮਨਮੀਤ ਕੌਰ ਦਾ ਇਸ ਤਰ੍ਹਾਂ ਸਵਾਗਤ ਕਰਨ ਲਈ ਸੰਗਤਾਂ ਦਾ ਧੰਨਵਾਦ ਕਰਦੇ ਹਾਂ, ਜਿਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਗਿਆ ਸੀ ਪਰ ਉਸਨੇ ਆਪਣੀ ਆਜ਼ਾਦੀ ਵਾਪਸ ਲੈ ਲਈ। ਉਹ ਅੱਜ ਸਾਡੇ ਨਾਲ ਆਸ਼ੀਰਵਾਦ ਲੈਣ ਅਤੇ ਸੰਗਤ ਦਾ ਉਸਦੇ ਪਰਿਵਾਰ ਦਾ ਸਮਰਥਨ ਕਰਨ ਲਈ ਧੰਨਵਾਦ ਕਰਨ ਲਈ ਆਈ ਹੈ।"









ਜੰਮੂ-ਕਸ਼ਮੀਰ ’ਚ ਦੋ ਸਿੱਖ ਕੁੜੀਆਂ ਨੂੰ ਅਗ਼ਵਾ ਕਰਕੇ ਉਨ੍ਹਾਂ ਨੂੰ ਜ਼ਬਰਦਸਤੀ ਮੁਸਲਿਮ ਬਣਾਏ ਜਾਣ ਦੀ ਖ਼ਬਰ ਮਿਲੀ ਸੀ। ਇੱਕ ਕੁੜੀ ਦਾ ਤਾਂ ਇੱਕ ਮੁਸਲਿਮ ਲੜਕੇ ਨਾਲ ਵਿਆਹ ਵੀ ਕਰਵਾ ਦਿੱਤਾ ਗਿਆ ਸੀ। ਇਸ ਵੇਲੇ ਉਹ ਕਿੱਥੇ ਹੈ, ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ। ਇੰਝ ਘੱਟ-ਗਿਣਤੀਆਂ ਦੀਆਂ ਕੁੜੀਆਂ ਨੂੰ ਅਗ਼ਵਾ ਕਰਕੇ ਉਨ੍ਹਾਂ ਦਾ ਜਬਰੀ ਧਰਮ ਪਰਿਵਰਤਨ ਕਰਵਾਉਣ ਦੀਆਂ ਘਟਨਾਵਾਂ ਪਾਕਿਸਤਾਨ ’ਚ ਤਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਪਰ ਭਾਰਤੀ ਕਸ਼ਮੀਰ ਵਿੱਚ ਅਜਿਹੀ ਘਟਨਾ ਦਾ ਵਾਪਰਨਾ  ਸਭ ਨੂੰ ਹੈਰਾਨ ਕਰਦਾ ਹੈ।


 


ਜੰਮੂ-ਕਸ਼ਮੀਰ ’ਚ ਜਬਰੀ ਧਰਮ ਪਰਿਵਰਤਨ ਦਾ ਮਾਮਲਾ 26 ਜੂਨ ਨੂੰ ਸਾਹਮਣੇ ਆਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੜਗਾਮ ਜ਼ਿਲ੍ਹੇ ਦੀ 18 ਸਾਲਾਂ ਦੀ ਇੱਕ ਸਿੱਖ ਕੁੜੀ ਨੂੰ ਜਬਰੀ ਮੁਸਲਿਮ ਬਣਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੀ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਉੱਤੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਤੋਂ ਇਸ ਮਾਮਲੇ ’ਚ ਦਖ਼ਲ ਦੇਣ ਦੀ ਮੰਗ ਕੀਤੀ ਸੀ।