ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਮਾਮਲਿਆਂ 'ਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਮਹਾਰਾਸ਼ਟਰ, ਕੇਰਲ ਤੇ ਤੇਲੰਗਾਨਾ ਸਮੇਤ 18 ਸੂਬਿਆਂ ''ਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਮਾਮਲਿਆਂ ਨੂੰ ਲੈਕੇ ਨਿਗਰਾਨੀ ਕੀਤੀ ਜਾ ਰਹੀ ਹੈ। ਇਨ੍ਹਾਂ ਸੂਬਿਆਂ 'ਚ ਕੋਵਿਡ-19 ਦੇ ਯੂਕੇ, ਦੱਖਣੀ ਅਫਰੀਕਾ ਤੇ ਬ੍ਰਾਜ਼ੀਲ ਦੇ ਵੇਰੀਏਂਟ ਦੇ ਕਰੀਬ 200 ਮਾਮਲੇ ਸਾਹਮਣੇ ਆਏ ਹਨ।


ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਇਨ੍ਹਾਂ ਸੂਬਿਆਂ ਨੂੰ ਕਿਹਾ ਕਿ ਉਹ ਦੂਜੇ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਵੇਰੀਏਂਟਸ ਦੇ ਮਾਮਲਿਆਂ 'ਤੇ ਨਜ਼ਰ ਰੱਖਣ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਨਵੇਂ ਅੰਕੜਿਆਂ ਦੇ ਮੁਤਾਬਕ ਫਿਲਹਾਲ ਦੇਸ਼ 'ਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨਾਲ 194 ਲੋਕ ਇਨਫੈਕਟਡ ਹਨ।


ਯੂਕੇ ਵੇਰੀਏਂਟ ਨਾਲ 187 ਤੇ ਦੱਖਣੀ ਅਫਰੀਕੀ ਵੇਰੀਏਂਟ ਤੋਂ 6 ਲੋਕ ਇਨਫੈਕਟਡ ਪਾਏ ਗਏ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ ਵਾਲੇ ਵੇਰੀਏਂਟ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਐਨਸੀਡੀਸੀ ਦੇ ਇਕ ਉੱਚ ਅਧਿਕਾਰੀ ਦੇ ਮੁਤਾਬਕ, ਸੂਬਿਆਂ ਨੂੰ ਕਿਹਾ ਗਿਆ ਹੈ ਕਿ ਉਹ ਇੰਟਰਨੈਸ਼ਨਲ ਲੈਵਲ 'ਤੇ ਨਿਗਰਾਨੀ ਤੇਜ਼ ਕਰਨ 'ਤੇ ਵਾਇਰਸ ਦੇ ਨਵੇਂ ਸਟ੍ਰੇਨ ਨੂੰ ਫੈਲਣ ਤੋਂ ਰੋਕਣ ਲਈ ਸਖਤ ਕਦਮ ਚੁੱਕਣ।