ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਤੀਜ਼ੀ ਲਹਿਰ ਨੇ ਜ਼ੋਰ ਫੜ੍ਹ ਲਿਆ ਹੈ। ਇਸ ਦੇ ਨਾਲ ਹੀ ਮੁੜ ਲੌਕਡਾਊਨ ਤੇ ਸਖਤ ਪਾਬੰਦੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਤ ਦਾ ਕਰਫਿਊ ਐਲਾਨਿਆ ਗਿਆ ਹੈ। ਮਹਾਰਾਸ਼ਟਰ, ਕਰਨਾਟਕ, ਯੂਪੀ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਵਿੱਚ ਰਾਤ ਨੂੰ ਕਰਫਿਊ ਲਾਇਆ ਗਿਆ ਹੈ।

ਉਧਰ, ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਮਾਜਿਕ ਤੇ ਧਾਰਮਿਕ ਸਮਾਗਮਾਂ ਉਤੇ 24 ਜਨਵਰੀ ਤੱਕ ਪਾਬੰਦੀ ਲਾ ਦਿੱਤੀ ਹੈ। ਅੰਦਰੂਨੀ ਇਕੱਠਾਂ ਲਈ ਵਿਅਕਤੀਆਂ ਦੀ ਗਿਣਤੀ ਸੌ ਤੇ ਬਾਹਰ ਕੀਤੇ ਜਾਣ ਵਾਲੇ ਇਕੱਠਾਂ ਲਈ ਵਿਅਕਤੀਆਂ ਦੀ ਗਿਣਤੀ 300 ਤੱਕ ਸੀਮਤ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਅਕਾਦਮਿਕ, ਖੇਡ, ਸਭਿਆਚਾਰਕ ਤੇ ਸਿਆਸੀ ਇਕੱਠ ਸ਼ਾਮਲ ਹਨ। ਹਿਮਾਚਲ ਸਰਕਾਰ ਨੇ ਸਰਕਾਰੀ ਦਫ਼ਤਰਾਂ ਨੂੰ ਵੀ 50 ਫ਼ੀਸਦ ਸਮਰੱਥਾ ਨਾਲ ਚਲਾਉਣ ਦਾ ਐਲਾਨ ਕੀਤਾ ਹੈ।

ਰਾਜਸਥਾਨ ਸਰਕਾਰ ਨੇ ਮਿਉਂਸਿਪਲ ਖੇਤਰਾਂ ਵਿੱਚ 17 ਜਨਵਰੀ ਤੱਕ ਸਕੂਲ ਬੰਦ ਕਰ ਦਿੱਤੇ ਹਨ। ਐਤਵਾਰ ਨੂੰ ਕਰਫਿਊ ਲਾ ਦਿੱਤਾ ਗਿਆ ਤੇ ਬਾਜ਼ਾਰ ਖੁੱਲ੍ਹਣ ਦਾ ਸਮਾਂ, ਰੈਸਤਰਾਂ ਤੇ ਸਿਨੇਮਿਆਂ ਵਿਚ ਹਾਜ਼ਰੀ ਵੀ ਸੀਮਤ ਕੀਤੀ ਗਈ ਹੈ। ਤਾਮਿਲਨਾਡੂ ਵਿੱਚ ਐਤਵਾਰ ਨੂੰ ਲੌਕਡਾਊਨ ਲਾਇਆ ਗਿਆ। ਉੱਥੇ ਰਾਤ ਦਾ ਕਰਫਿਊ ਵੀ ਲਾਗੂ ਹੈ। ਪੁੱਡੂਚੇਰੀ ਵਿੱਚ ਵੀ ਅੱਜ ਤੋਂ ਸਕੂਲ ਬੰਦ ਕਰ ਦਿੱਤੇ ਗਏ ਹਨ।

ਮਹਾਰਾਸ਼ਟਰ ਸਰਕਾਰ ਨੇ ਕਿਹਾ ਹੈ ਕਿ ਹੌਲੀ-ਹੌਲੀ ਧਾਰਮਿਕ ਸਥਾਨਾਂ, ਸ਼ਰਾਬ ਦੇ ਠੇਕਿਆਂ ਉਤੇ ਵੀ ਪਾਬੰਦੀਆਂ ਲਾਈਆਂ ਜਾਣਗੀਆਂ। ਹਾਲਾਂਕਿ ਉੱਥੇ ਜ਼ਿਆਦਾ ਕਰੋਨਾ ਮਰੀਜ਼ਾਂ ਨੂੰ ਹਸਪਤਾਲਾਂ ’ਚ ਦਾਖਲ ਕਰਾਉਣ ਦੀ ਲੋੜ ਨਹੀਂ ਪਈ ਹੈ ਤੇ ਨਾ ਹੀ ਆਕਸੀਜ਼ਨ ਦੀ ਮੰਗ ਜ਼ਿਆਦਾ ਹੈ। ਮਹਾਰਾਸ਼ਟਰ ਵਿੱਚ ਜਿਮ, ਬਿਊਟੀ ਪਾਰਲਰ ਵੀ 11 ਜਨਵਰੀ ਤੋਂ 50 ਫ਼ੀਸਦ ਸਮਰੱਥਾ ਨਾਲ ਚਲਾਉਣ ਦੇ ਹੁਕਮ ਦਿੱਤੇ ਗਏ ਹਨ। ਸਕੂਲ ਤੇ ਕਾਲਜ ਵੀ 15 ਫਰਵਰੀ ਤੱਕ ਬੰਦ ਕੀਤੇ ਗਏ ਹਨ। ਹਰ ਤਰ੍ਹਾਂ ਦੇ ਇਕੱਠ ਵੀ ਸੀਮਤ ਕੀਤੇ ਗਏ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਲੌਕਡਾਊਨ ਲਾਉਣ ਦੀ ਹਾਲੇ ਕੋਈ ਯੋਜਨਾ ਨਹੀਂ। ਦਿੱਲੀ ਵਿਚ ਹਫ਼ਤੇ ਦੇ ਅਖੀਰ ਵਿਚ ਕਰਫਿਊ ਲਾਇਆ ਗਿਆ ਸੀ। ਉਧਰ, ਦੇਸ਼ ਵਿੱਚ ਸਿਹਤ ਕਰਮੀਆਂ, ਫਰੰਟਲਾਈਨ ਵਰਕਰਾਂ, ਚੋਣ ਡਿਊਟੀ ਵਾਲੇ ਮੁਲਾਜ਼ਮਾਂ ਤੇ ਬੀਮਾਰੀਆਂ ’ਚ ਘਿਰੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਵੈਕਸੀਨ ਦੀ ਤੀਜੀ ਖੁਰਾਕ (ਪ੍ਰੀਕੌਸ਼ਨ ਡੋਜ਼) ਦੇਣੀ ਸ਼ੁਰੂ ਕਰ ਦਿੱਤੀ ਜਾਵੇਗੀ। 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904