ਨਵੀਂ ਦਿੱਲੀ: ਕੋਵਿਡ-19 ਲਈ ਅਗਲੀ ਪੀੜ੍ਹੀ ਦੀ ਵੈਕਸੀਨ ਹੁਣ ਇੱਕ ਗੋਲੀ (ਟੈਬਲੇਟ) ਦੇ ਰੂਪ ਵਿੱਚ ਇਜ਼ਰਾਈਲੀ ਕੰਪਨੀ ਤੋਂ ਆ ਸਕਦੀ ਹੈ। ਹਾਲੇ ਇਹ ਵੈਕਸੀਨ ਇੱਕ ਟੀਕੇ ਭਾਵ ਇੰਜੈਕਸ਼ਨ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ। ‘ਟਾਈਮਜ਼ ਆਫ਼ ਇਜ਼ਰਾਈਲ’ ਦੀ ਰਿਪੋਰਟ ਅਨੁਸਾਰ, ਤਲ ਅਵੀਵ ਵਿੱਚ ਓਰਾਮੈਡ (Oramed) ਨਾਂ ਦੀ ਇੱਕ ਫਾਰਮਾਸਿਊਟੀਕਲ ਕੰਪਨੀ ਇੱਕ ਗੋਲੀ ਦੇ ਰੂਪ ਵਿੱਚ ਕੋਵਿਡ-19 ਵੈਕਸੀਨ ਲਈ ਮਨੁੱਖੀ ਵਿਸ਼ਿਆਂ ਉੱਤੇ ਪ੍ਰੀਖਣ ਸ਼ੁਰੂ ਕਰਨ ਜਾ ਰਹੀ ਹੈ। ਓਰਲ ਟੀਕੇ ਦਾ ਵਿਕਾਸ ਕਰਨ ਵਾਲੇ ਮੰਨਦੇ ਹਨ ਕਿ ਇਹ ਨਿਵੇਕਲੀ ਵੈਕਸੀਨ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ ਲਈ ਵੱਡੇ ਪੱਧਰ ਉੱਤੇ ਪਰਿਵਤਨਕਾਰੀ ਹੋ ਸਕਦਾ ਹੈ। ਇਸ ਗੋਲ਼ੀ ਦਾ ਨਾਂ ‘ਓਰਾਵੈਕਸ’ (Oravax) ਹੈ।



ਗੋਲੀ ਦੇ ਰੂਪ ਵਿੱਚ ਅਗਲੀ ਪੀੜ੍ਹੀ ਕੋਵਿਡ-19 ਵੈਕਸੀਨ
ਇਜ਼ਰਾਈਲੀ ਫਾਰਮਾਸਿਊਟੀਕਲ ਕੰਪਨੀ ਵੱਲੋਂ ਬਣਾਈ ਗਈ ਇੱਕ ਗੋਲੀ ਨੂੰ ਹੁਣ ਵੈਕਸੀਨ ਦੀ ਸ਼ਕਲ ਵਿੱਚ ਭਾਰਤ ਦੀ ‘ਪ੍ਰੇਮਾਸ ਬਾਇਓਟਿਕ’ ਦੁਆਰਾ ਵਿਕਸਤ ਕੀਤਾ ਜਾ ਰਿਹਾ ਹੈ। ਕੰਪਨੀ ਨੇ ਮਾਰਚ ਵਿੱਚ ਐਲਾਨ ਕੀਤਾ ਸੀ ਕਿ ਉਸਨੇ ਸੂਰਾਂ ਉੱਤੇ ਜਾਂਚ ਦੌਰਾਨ ਸਫਲਤਾਪੂਰਵਕ ਐਂਟੀਬਾਡੀਜ਼ ਤਿਆਰ ਕੀਤੀਆਂ ਹਨ। ਇਜ਼ਰਾਈਲ ਦੀ ਬਣਾਈ ਗਈ ਇਸ ਗੋਲੀ ਨਾਲ ਕੋਵਿਡ-19 ਵੈਕਸੀਨੇਸ਼ਨ ਪ੍ਰਕਿਰਿਆ ਬਹੁਤ ਸਰਲ ਹੋਣ ਦੀ ਉਮੀਦ ਹੈ ਕਿਉਂਕਿ ਇਸ ਨੂੰ ਘੱਟ ਤਾਪਮਾਨ 'ਤੇ ਸਟੋਰ ਕਰਨ ਦੀ ਜ਼ਰੂਰਤ ਨਹੀਂ ਹੋਏਗੀ ਅਤੇ ਟੀਕੇ ਲਾਉਣ ਵਾਲੇ ਪੇਸ਼ੇਵਰਾਂ ਦੀ ਜ਼ਰੂਰਤ ਖਤਮ ਹੋ ਜਾਵੇਗੀ।

ਇਜ਼ਰਾਈਲ ਦੀ ਬਣਾਈ ਓਰਲ ਵੈਕਸੀਨੇਸ਼ਨ ਨਾਲ ਭਾਰਤ ਦਾ ਸਬੰਧ
ਓਰਾਮੈਡ ਦੇ ਸੀਈਓ ਨਾਡਵ ਕਿਡਰੋਨ ਨੇ ਕਿਹਾ, "ਇਹ ਭਾਰਤ ਵਰਗੇ ਦੇਸ਼ਾਂ ਵਿੱਚ ਬੇਹੱਦ ਪਰਿਵਰਤਨਕਾਰੀ ਹੋ ਸਕਦੀ ਹੈ, ਜਿਥੇ ਪੰਜ ਪ੍ਰਤੀਸ਼ਤ ਆਬਾਦੀ ਨੂੰ ਟੀਕਾ ਲਗਾਇਆ ਗਿਆ ਹੈ।" ਉਨ੍ਹਾਂ ਦਾ ਅਨੁਮਾਨ ਹੈ ਕਿ ਤਕਨਾਲੋਜੀ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਬੂਸਟਰ ਖੁਰਾਕਾਂ ਪ੍ਰਦਾਨ ਕਰਨ ਦੀ ਸੰਭਾਵੀ ਚੁਣੌਤੀ ਦਾ ਮੁਕਾਬਲਾ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ ਤੇ ਇਹ ਓਰਲ ਵੈਕਸੀਨੇਸ਼ਨ ਇਸ ਕਾਰਜ ਲਈ ਵਿਸ਼ੇਸ਼ ਤੌਰ ਤੇ ਲਾਭਕਾਰੀ ਹੋਵੇਗੀ।

ਮਹੱਤਵਪੂਰਨ ਗੱਲ ਇਹ ਹੈ ਕਿ ਇਜ਼ਰਾਈਲ ਨੇ ਪਹਿਲਾਂ ਹੀ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਬੂਸਟਰ ਡੋਜ਼ ਦੇਣਾ ਸ਼ੁਰੂ ਕਰ ਦਿੱਤਾ ਹੈ। ਵਿਸ਼ਵ ਦੇ ਕਈ ਹਿੱਸਿਆਂ ਵਿੱਚ ਸਿਹਤ ਅਧਿਕਾਰੀ ਸਾਰਿਆਂ ਲਈ ਬੂਸਟਰ ਡੋਜ਼ ਬਣਨ ਦੀ ਸੰਭਾਵਨਾ ਬਾਰੇ ਗੱਲ ਕਰ ਰਹੇ ਹਨ।

ਕੰਪਨੀ ਨੂੰ 24 ਗ਼ੈਰ-ਟੀਕਾਕਰਨ ਭਾਗੀਦਾਰਾਂ 'ਤੇ ਮਨੁੱਖੀ ਅਜ਼ਮਾਇਸ਼ਾਂ ਸ਼ੁਰੂ ਕਰਨ ਲਈ ਤੇਲ ਅਵੀਵ ਸੌਰਾਸਕੀ ਮੈਡੀਕਲ ਸੈਂਟਰ ਤੋਂ ਮਨਜ਼ੂਰੀ ਮਿਲ ਗਈ ਹੈ। ਇਸ ਪਰਖ ਦੌਰਾਨ, ਇਹ ਜਾਂਚਿਆ ਜਾਵੇਗਾ ਕਿ ਕੀ ਓਰਲ ਵੈਕਸੀਨ ਐਂਟੀਬਾਡੀਜ਼ ਪੈਦਾ ਕਰ ਸਕਦੀ ਹੈ ਤੇ ਜੇ ਅਜਿਹਾ ਹੈ, ਤਾਂ ਇਸ ਦਾ ਪੱਧਰ ਕੀ ਹੈ। ਕੰਪਨੀ ਨੇ ਕਿਹਾ ਹੈ ਕਿ ਉਸ ਨੂੰ ਸਿਹਤ ਮੰਤਰਾਲੇ ਤੋਂ ਅੰਤਮ ਮਨਜ਼ੂਰੀ ਮਿਲਦੇ ਹੀ ਅਗਲੇ ਮਹੀਨੇ ਇਸ ਦੇ ਓਰਾਵੈਕਸ ਟੈਬਲੇਟ (ਗੋਲ਼ੀ) ਦੇ ਟਰਾਇਲ ਸ਼ੁਰੂ ਹੋਣ ਦੀ ਉਮੀਦ ਹੈ।