ਨਵੀਂ ਦਿੱਲੀ: ਪਹਿਲੇ ਕੋਰੋਨਾਵਾਇਰਸ ਦਾ ਕਹਿਰ ਹਾਲੇ ਰੁਕਿਆ ਵੀ ਨਹੀਂ ਸੀ ਕਿ ਹੁਣ ਕੋਰੋਨਾ ਦੇ ਨਵੇਂ ਸਟ੍ਰੇਨ ਨੇ ਚਿੰਤਾਵਾਂ ਵੱਧਾ ਦਿੱਤੀਆਂ ਹਨ। ਬ੍ਰਿਟੇਨ ਅਤੇ ਹੋਰ ਦੇਸ਼ਾਂ ਮਗਰੋਂ ਹੁਣ ਭਾਰਤ 'ਚ ਵੀ ਕੋਰੋਨਾ ਦੇ ਨਵੇਂ ਸਟ੍ਰੇਨ ਦੀ ਪੁਸ਼ਟੀ ਹੋ ਚੁੱਕੀ ਹੈ। ਭਾਰਤ 'ਚ 6 ਲੋਕਾਂ ਅੰਦਰ ਇਹ ਨਵਾਂ ਕੋਰੋਨਾ ਸਟ੍ਰੇਨ ਮਿਲਿਆ ਹੈ। ਇਹ 6 ਲੋਕ ਬ੍ਰਿਟੇਨ ਤੋਂ ਵਾਪਸ ਪਰਤੇ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਸੰਕਰਮਿਤ ਲੋਕਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ ਤੇ ਉਹਨਾਂ ਦੇ ਸੰਪਰਕ 'ਚ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।


ਸਿਹਤ ਮੰਤਰਾਲੇ ਦੇ ਅਨੁਸਾਰ, ਪੌਜ਼ੇਟਿਵ ਆਏ ਮਰੀਜ਼ਾ ਵਿੱਚੋਂ  3 ਦੀ NIMHANS,ਬੰਗਲੁਰੂ ਵਿਖੇ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਹੈਦਰਾਬਾਦ ਵਿੱਚ 2 CCMB ਤੇ 1 NIV ਪੁਣੇ ਵਿੱਚ ਮਿਲਿਆ ਹੈ। ਉਸੇ ਸਮੇਂ, ਜਿਨ੍ਹਾਂ ਲੋਕਾਂ ਦੇ ਨਮੂਨੇ ਨਵੇਂ ਸਟ੍ਰੇਨ ਨਾਲ ਪੌਜ਼ੇਟਿਵ ਆਏ ਹਨ ਨੂੰ ਰਾਜ ਸਰਕਾਰਾਂ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਕਮਰਿਆਂ ਵਿੱਚ ਆਈਸੋਲੇਟ ਕਰ ਦਿੱਤਾ ਗਿਆ ਹੈ।

ਦਰਅਸਲ, 25 ਨਵੰਬਰ ਤੋਂ 23 ਦਸੰਬਰ ਤੱਕ ਯੂਕੇ ਤੋਂ ਲਗਭਗ 33 ਹਜ਼ਾਰ ਲੋਕ ਭਾਰਤ ਆਏ ਸਨ। ਇਹ ਸਾਰੇ ਲੋਕਾਂ ਨੂੰ ਟਰੈਕ ਕੀਤਾ ਗਿਆ ਤੇ ਉਨ੍ਹਾਂ ਦੇ ਟੈਸਟ ਕੀਤੇ ਗਏ। ਇਸ ਵਿੱਚੋਂ, ਕੁੱਲ 114 ਵਿਅਕਤੀ ਕੋਰੋਨਾ ਪੌਜ਼ੇਟਿਵ ਨਿਕਲੇ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਨਮੂਨੇ ਦਾ ਜੀਨੋਮ ਸਕਵੈਂਸਿੰਗ ਕੀਤਾ ਗਿਆ ਤੇ 10 ਲੈਬਾਂ ਵਿੱਚ ਭੇਜਿਆ ਗਿਆ।

ਬ੍ਰਿਟੇਨ ਤੋਂ ਇਲਾਵਾ ਭਾਰਤ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਫਰਾਂਸ, ਡੈਨਮਾਰਕ, ਜਰਮਨੀ, ਇਟਲੀ, ਨੀਦਰਲੈਂਡਜ਼, ਆਸਟਰੇਲੀਆ, ਕੈਨੇਡਾ, ਜਾਪਾਨ, ਲੇਬਨਾਨ, ਸਿੰਗਾਪੁਰ ਤੇ ਨਾਈਜੀਰੀਆ ਵਿੱਚ ਵੀ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, ਦੱਖਣੀ ਅਫਰੀਕਾ 'ਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਵੀ ਪਾਇਆ ਗਿਆ ਹੈ। ਇਹ ਬ੍ਰਿਟੇਨ ਦੇ ਨਵੇਂ ਸਟ੍ਰੇਨ ਤੋਂ ਵੱਖਰਾ ਹੈ।