Coronavirus Covid-19 Omicron in India: ਭਾਰਤ ਵਿੱਚ ਕੋਰੋਨਾ ਆਪਣਾ ਭਿਆਨਕ ਰੂਪ ਦਿਖਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 58 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ 534 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ਤੇ ਮਹਾਰਾਸ਼ਟਰ ਕੋਰੋਨਾ ਤੇ ਓਮੀਕਰੋਨ ਤੋਂ ਸਭ ਤੋਂ ਵੱਧ ਪੀੜਤ ਹਨ। ਦਿੱਲੀ ਵਿੱਚ ਓਮੀਕਰੋਨ ਦੇ ਕੇਸ 464 ਹਨ।



ਇਸ ਬਾਰੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਦੇਸ਼ ਵਿੱਚ ਤੀਜੀ ਲਹਿਰ ਆ ਗਈ ਹੈ ਤੇ ਦਿੱਲੀ ਵਿੱਚ ਪੰਜਵੀਂ ਲਹਿਰ ਆ ਗਈ ਹੈ। ਅਜਿਹਾ ਲਗਦਾ ਹੈ ਕਿ ਅੱਜ ਲਗਪਗ 10,000 ਸਕਾਰਾਤਮਕ ਕੇਸ ਹੋਣਗੇ ਤੇ ਸਕਾਰਾਤਮਕਤਾ ਦਰ ਲਗਭਗ 10% ਹੋਵੇਗੀ। ਕੇਜਰੀਵਾਲ ਦੇ ਕੈਬਨਿਟ ਮੰਤਰੀ ਦਾ ਇਹ ਦਾਅਵਾ ਫਿਕਰਮੰਦੀ ਵਿੱਚ ਪਾਉਣ ਵਾਲਾ ਹੈ।

ਜੈਨ ਨੇ ਕਿਹਾ, ਪੂਰੇ ਦੇਸ਼ 'ਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਹੁਣ ਇਹ ਕਾਫੀ ਹਲਕਾ ਹੈ, ਜ਼ਿਆਦਾ ਘਬਰਾਉਣ ਦੀ ਲੋੜ ਨਹੀਂ। ਹੋਮ ਆਈਸੋਲੇਸ਼ਨ ਦੀ ਲੋੜ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਦੇ ਮਰੀਜ਼ਾਂ ਲਈ 10 ਫੀਸਦੀ ਬੈੱਡ ਸਨ, ਹੁਣ ਉਨ੍ਹਾਂ ਨੂੰ 40 ਫੀਸਦੀ ਰਾਖਵਾਂ ਕਰਨ ਲਈ ਕਿਹਾ ਗਿਆ ਹੈ। ਸਰਕਾਰੀ ਹਸਪਤਾਲਾਂ ਵਿੱਚ ਲਗਪਗ 2% ਬੈੱਡ ਭਰੇ ਪਏ ਹਨ।

ਦੇਸ਼ ਵਿੱਚ ਹੁਣ ਤੱਕ 2135 ਲੋਕ Omicron ਵੇਰੀਐਂਟ ਨਾਲ ਸੰਕਰਮਿਤ ਹੋਏ ਹਨ। ਦੇਸ਼ ਵਿੱਚ ਇਸ ਵੇਰੀਐਂਟ ਨਾਲ ਸੰਕਰਮਿਤ ਰਾਜਾਂ ਦੀ ਗਿਣਤੀ 24 ਹੋ ਗਈ ਹੈ। ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਤੇ ਰਾਜਧਾਨੀ ਦਿੱਲੀ ਵਿੱਚ ਹਨ। ਇਸ ਤੋਂ ਬਾਅਦ ਕੇਰਲ ਤੀਜੇ ਨੰਬਰ 'ਤੇ ਹੈ। ਮਹਾਰਾਸ਼ਟਰ ਵਿੱਚ ਹੁਣ ਤੱਕ 653, ਦਿੱਲੀ ਵਿੱਚ 464 ਤੇ ਕੇਰਲ ਵਿੱਚ 185 ਲੋਕ ਓਮੀਕਰੋਨ ਨਾਲ ਸੰਕਰਮਿਤ ਹੋਏ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਦੋ ਲੱਖ 14 ਹਜ਼ਾਰ 4 ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 82 ਹਜ਼ਾਰ 551 ਹੋ ਗਈ ਹੈ। ਅੰਕੜਿਆਂ ਅਨੁਸਾਰ ਕੱਲ੍ਹ 15 ਹਜ਼ਾਰ 389 ਲੋਕ ਠੀਕ ਹੋਏ ਸਨ, ਜਿਸ ਤੋਂ ਬਾਅਦ 3 ਕਰੋੜ 43 ਲੱਖ 21 ਹਜ਼ਾਰ 803 ਲੋਕ ਸੰਕਰਮਣ ਮੁਕਤ ਹੋ ਗਏ ਹਨ।

ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀਆਂ 147 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੱਲ੍ਹ 96 ਲੱਖ 43 ਹਜ਼ਾਰ 238 ਡੋਜ਼ਾਂ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਹੁਣ ਤੱਕ 147 ਕਰੋੜ 72 ਲੱਖ 8 ਹਜ਼ਾਰ 846 ਡੋਜ਼ ਵੈਕਸੀਨ ਦਿੱਤੀਆਂ ਜਾ ਚੁੱਕੀਆਂ ਹਨ।


 

 


ਇਹ ਵੀ ਪੜ੍ਹੋ :Punjab Election 2022: ਚੋਣ ਰੈਲੀਆਂ 'ਤੇ ਲੱਗ ਸਕਦੀ ਪਾਬੰਦੀ, ਕੋਰੋਨਾ ਦੇ ਖਤਰੇ ਕਰਕੇ ਚੋਣ ਕਮਿਸ਼ਨ ਉਠਾ ਸਕਦਾ ਵੱਡਾ ਕਦਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490