ਨਵੀਂ ਦਿੱਲੀ- ਦਿੱਲੀ ਸਮੇਤ ਕਈ ਸੂਬਿਆਂ 'ਚ ਨਵੇਂ ਫਲੂ ਕਾਰਨ ਲੋਕਾਂ ਨੂੰ ਬੁਖਾਰ, ਖੰਘ ਅਤੇ ਸਾਹ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲਾਂ ਵਿੱਚ ਇਨ੍ਹਾਂ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦੌਰਾਨ ਕੋਰੋਨਾ (Covid-19) ਨੇ ਮੁੜ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 3 ਹਫਤਿਆਂ 'ਚ ਦੇਸ਼ 'ਚ ਕੋਰੋਨਾ ਵਾਇਰਸ (Coronavirus) ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ।


ਪਿਛਲੇ ਹਫ਼ਤੇ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 1898 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਉਸ ਤੋਂ ਪਿਛਲੇ ਹਫ਼ਤੇ ਕੇਸਾਂ ਦੀ ਗਿਣਤੀ 1163 ਸੀ। ਇਸ ਦੇ ਨਾਲ ਹੀ, ਉਸ ਤੋਂ ਇੱਕ ਹਫਤੇ ਪਹਿਲਾਂ ਦੇਸ਼ ਵਿਚ ਕੋਰੋਨਾ ਦੇ ਸਿਰਫ 839 ਮਾਮਲੇ ਸਨ। ਕੋਰੋਨਾ ਦੇ ਨਵੇਂ ਮਾਮਲਿਆਂ 'ਤੇ ਨਜ਼ਰ ਮਾਰੋ, ਪਿਛਲੇ ਹਫਤੇ 'ਚ 63 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ, ਉਸ ਤੋਂ ਪਹਿਲਾਂ ਦੇ ਹਫ਼ਤੇ ਵਿੱਚ 39 ਪ੍ਰਤੀਸ਼ਤ ਅਤੇ ਉਸ ਤੋਂ ਪਹਿਲਾਂ ਦੇ ਹਫ਼ਤੇ ਵਿੱਚ 13 ਪ੍ਰਤੀਸ਼ਤ ਹੋਰ ਮਾਮਲੇ ਸਾਹਮਣੇ ਆਏ ਸਨ। ਪਿਛਲੇ ਪੰਜ ਹਫ਼ਤਿਆਂ ਵਿੱਚ ਕੇਸਾਂ ਦੀ ਗਿਣਤੀ ਵਿੱਚ ਵਾਧਾ ਦੇਖਿਆ ਗਿਆ ਹੈ।


ਇਨ੍ਹਾਂ ਰਾਜਾਂ ਵਿੱਚ ਕੋਰੋਨਾ ਦੇ ਮਰੀਜ਼ ਮਿਲ ਰਹੇ ਹਨ


ਜਿਨ੍ਹਾਂ ਰਾਜਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ, ਉਨ੍ਹਾਂ ਵਿੱਚ ਮਹਾਰਾਸ਼ਟਰ ਅਤੇ ਦੱਖਣੀ ਭਾਰਤ ਦੇ ਰਾਜ ਸ਼ਾਮਲ ਹਨ। ਰਾਹਤ ਦੀ ਗੱਲ ਇਹ ਹੈ ਕਿ ਦੇਸ਼ ਦੇ ਕਈ ਰਾਜਾਂ ਵਿੱਚ ਫਲੂ ਦੀ ਬਿਮਾਰੀ ਵਧਣ ਤੋਂ ਬਾਅਦ ਕਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਹਰ ਹਫ਼ਤੇ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਅਜੇ ਵੀ ਬਹੁਤ ਘੱਟ ਹੈ।


ਪਿਛਲੇ ਸਾਲ ਜੁਲਾਈ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਾਧਾ ਹੋਇਆ ਸੀ। 18 ਤੋਂ 25 ਜੁਲਾਈ ਦੇ ਵਿਚਕਾਰ ਦੇਸ਼ ਵਿੱਚ 1.4 ਲੱਖ ਮਾਮਲੇ ਸਾਹਮਣੇ ਆਏ ਸਨ, ਹਾਲਾਂਕਿ ਇਸ ਤੋਂ ਬਾਅਦ ਇਹ ਅੰਕੜਾ ਹੌਲੀ-ਹੌਲੀ ਹੇਠਾਂ ਆਉਣਾ ਸ਼ੁਰੂ ਹੋ ਗਿਆ। ਇਸ ਸਾਲ ਜਨਵਰੀ 'ਚ 23 ਤੋਂ 29 ਤੱਕ ਇਕ ਹਫਤੇ 'ਚ ਕੋਰੋਨਾ ਵਾਇਰਸ ਦੇ 707 ਮਾਮਲੇ ਸਾਹਮਣੇ ਆਏ ਸਨ, ਜੋ ਕਿ ਇਸ ਸਾਲ ਦੇ ਸਭ ਤੋਂ ਘੱਟ ਮਾਮਲੇ ਸਨ।


ਕਿਹੜੇ ਸੂਬੇ ਵਿੱਚ ਕਿੰਨੇ ਕੇਸ ਮਿਲੇ ?


ਮਹਾਰਾਸ਼ਟਰ ਵਿੱਚ ਰੋਜ਼ਾਨਾ ਕਰੀਬ 40-42 ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਹਫ਼ਤੇ ਇਸ ਰਾਜ ਵਿੱਚ 287 ਨਵੇਂ ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਕਰਨਾਟਕ ਵਿੱਚ ਪਿਛਲੇ ਹਫ਼ਤੇ ਕੁੱਲ 473 ਨਵੇਂ ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ ਦੋ ਹਫ਼ਤੇ ਪਹਿਲਾਂ ਇਹ ਅੰਕੜਾ 230 ਸੀ। ਇਸ ਦੇ ਨਾਲ ਹੀ ਕੇਰਲ ਵਿੱਚ ਵੀ ਪਿਛਲੇ ਹਫ਼ਤੇ ਵਿੱਚ 410 ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਦੋ ਹਫ਼ਤੇ ਪਹਿਲਾਂ ਇਹ ਅੰਕੜਾ 298 ਸੀ। ਕਰਨਾਟਕ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ, ਸੋਮਵਾਰ ਨੂੰ ਰਾਜ ਦੇ ਸਿਹਤ ਮੰਤਰੀ ਕੇ ਸੁਧਾਕਰ ਨੇ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਸੀ। ਇਸ ਦੇ ਨਾਲ ਹੀ ਤਾਮਿਲਨਾਡੂ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਅਲਰਟ 'ਤੇ ਹੈ। ਇੱਥੇ ਕੁਝ ਸ਼ਹਿਰਾਂ, ਖਾਸ ਕਰਕੇ ਕੋਇੰਬਟੂਰ ਅਤੇ ਚੇਨਈ ਵਿੱਚ ਕੇਸ ਵਧੇ ਹਨ।