Coronavirus Cases : ਮੁੰਬਈ 'ਚ ਕੋਰੋਨਾ ਦੇ ਨਵੇਂ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸ਼ਾਮ 6 ਵਜੇ ਦੇ ਕਰੀਬ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿਚ 3671 ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਸਰਗਰਮ ਮਰੀਜ਼ਾਂ ਦੀ ਗਿਣਤੀ 11,360 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ 371 ਮਰੀਜ਼ ਸੰਕਰਮਣ ਤੋਂ ਠੀਕ ਹੋਏ ਹਨ। ਸ਼ਹਿਰ ਵਿਚ ਬੁੱਧਵਾਰ ਨੂੰ 2510, ਮੰਗਲਵਾਰ ਨੂੰ 1377, ਸੋਮਵਾਰ ਨੂੰ 809, ਐਤਵਾਰ ਨੂੰ 922, ਸ਼ਨੀਵਾਰ ਨੂੰ 757, ਸ਼ੁੱਕਰਵਾਰ ਨੂੰ 683 ਅਤੇ ਵੀਰਵਾਰ ਨੂੰ 602 ਪੁਸ਼ਟੀ ਕੀਤੇ ਕੇਸ ਸਨ।


 


ਕੋਵਿਡ -19 (Covid-19) ਦੇ ਪ੍ਰਕੋਪ ਦੇ ਮੱਦੇਨਜ਼ਰ ਮੁੰਬਈ ਪੁਲਿਸ ਨੇ ਨਵੇਂ ਸਾਲ ਦੇ ਜਸ਼ਨਾਂ ਅਤੇ ਹੋਟਲਾਂ ਤੇ ਰੈਸਟੋਰੈਂਟਾਂ ਸਮੇਤ ਕਿਸੇ ਵੀ ਬੰਦ ਜਾਂ ਖੁੱਲ੍ਹੀ ਥਾਂ 'ਤੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧ ਵਿਚ ਇਕ ਹੁਕਮ ਡਿਪਟੀ ਕਮਿਸ਼ਨਰ ਆਫ ਪੁਲਿਸ (ਅਪਰੇਸ਼ਨਜ਼) ਐਸ ਚੈਤੰਨਿਆ ਨੇ ਫੌਜਦਾਰੀ ਜਾਬਤਾ (ਸੀਆਰਪੀਸੀ) ਦੀ ਧਾਰਾ 144 ਦੇ ਤਹਿਤ ਜਾਰੀ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਹੁਕਮ ਵੀਰਵਾਰ ਤੋਂ 7 ਜਨਵਰੀ 2022 ਤਕ ਲਾਗੂ ਰਹੇਗਾ।


 


ਪੁਲਿਸ ਹੁਕਮਾਂ ਨੇ ਹੋਟਲਾਂ, ਰੈਸਟੋਰੈਂਟਾਂ, ਬੈਂਕੁਏਟ ਹਾਲਾਂ, ਬਾਰਾਂ, ਪੱਬਾਂ, ਆਰਕੈਸਟਰਾ, ਰਿਜ਼ੋਰਟਾਂ, ਕਲੱਬਾਂ ਅਤੇ ਇਮਾਰਤਾਂ ਦੀਆਂ ਛੱਤਾਂ ਸਮੇਤ ਕਿਸੇ ਵੀ ਬੰਦ ਜਾਂ ਖੁੱਲ੍ਹੀ ਥਾਂ 'ਤੇ ਨਵੇਂ ਸਾਲ ਦੇ ਜਸ਼ਨਾਂ, ਸਮਾਗਮਾਂ ਅਤੇ ਇਕੱਠਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਹੁਕਮਾਂ 'ਚ ਕਿਹਾ ਗਿਆ ਹੈ ਕਿ ਟਰੇਨਾਂ, ਬੱਸਾਂ ਅਤੇ ਨਿੱਜੀ ਕਾਰਾਂ ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਮੁਤਾਬਕ ਚੱਲ ਸਕਦੀਆਂ ਹਨ।


 


ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਇਕ ਪੱਤਰ ਲਿਖ ਕੇ ਦਿੱਲੀ, ਹਰਿਆਣਾ, ਤਾਮਿਲਨਾਡੂ, ਪੱਛਮੀ ਬੰਗਾਲ, ਮਹਾਰਾਸ਼ਟਰ, ਗੁਜਰਾਤ, ਕਰਨਾਟਕ ਅਤੇ ਝਾਰਖੰਡ ਨੂੰ ਹਾਲ ਹੀ ਵਿਚ ਘਰੇਲੂ ਯਾਤਰਾਵਾਂ ਅਤੇ ਵਿਆਹਾਂ, ਜਸ਼ਨਾਂ ਵਰਗੇ ਵੱਖ-ਵੱਖ ਸਮਾਗਮਾਂ ਵਿਚ ਹੋਏ ਵਾਧੇ ਦੇ ਮੱਦੇਨਜ਼ਰ ਚੌਕਸ ਰਹਿਣ ਲਈ ਕਿਹਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904