ਚੰਡੀਗੜ੍ਹ: ਦੇਸ਼ ਵਿੱਚ ਹੁਣ ਸੁਰੱਖਿਆ ਬਲਾਂ 'ਤੇ ਵੀ ਆਰਥਿਕ ਮੰਦੀ ਦਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਦੇਸ਼ ਦੀ ਸਭ ਤੋਂ ਵੱਡੀ ਪੈਰਾ-ਮਿਲਟਰੀ ਫੋਰਸ ਸੀਆਰਪੀਐਫ ਕੋਲ ਇੰਨੇ ਪੈਸੇ ਉਪਲੱਬਧ ਨਹੀਂ ਕਿ ਉਹ ਸਤੰਬਰ ਮਹੀਨੇ ਵਿੱਚ ਜਵਾਨਾਂ ਦੀ ਤਨਖਾਹ ਦੇ ਨਾਲ ਰਾਸ਼ਨ ਭੱਤਾ ਦੇ ਸਕੇ। ਦ ਟੈਲੀਗ੍ਰਾਫ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੋਦੀ ਸਰਕਾਰ ਕੋਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਾਇਨਾਤ 3 ਲੱਖ ਤੋਂ ਵੱਧ ਸੀਆਰਪੀਐਫ ਜਵਾਨਾਂ ਨੂੰ ਭੱਤੇ ਦੇਣ ਲਈ ਪੈਸੇ ਨਹੀਂ ਸਨ। ਦੱਸ ਦਈਏ ਸੀਆਰਪੀਐਫ ਦੇ ਜਵਾਨਾਂ ਨੂੰ ਹਰ ਮਹੀਨੇ ਤਿੰਨ ਹਜ਼ਾਰ ਰੁਪਏ ਰਾਸ਼ਨ ਭੱਤੇ ਵਜੋਂ ਦਿੱਤੇ ਜਾਂਦੇ ਹਨ।


ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਜੁਲਾਈ, ਅਗਸਤ ਅਤੇ ਸਤੰਬਰ ਦੇ ਮਹੀਨਿਆਂ ਲਈ 800 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਕਰਨੀ ਹੈ, ਪਰ ਇਹ ਰਾਸ਼ੀ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਫੌਜੀਆਂ ਨੂੰ ਰਾਸ਼ਨ ਭੱਤਾ ਨਹੀਂ ਦਿੱਤਾ ਜਾ ਰਿਹਾ। ਇਹ ਜਾਣਕਾਰੀ ਵਿਭਾਗੀ ਸੰਚਾਰ ਰਾਹੀਂ ਸਿਪਾਹੀਆਂ ਨੂੰ ਦਿੱਤੀ ਗਈ ਹੈ।


ਰਿਪੋਰਟ ਵਿੱਚ ਸੀਆਰਪੀਐਫ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਰਾਸ਼ਨ ਭੱਤਾ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਿਛਲੇ ਹਫਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੂੰ ਬਕਾਏ ਦੀ ਅਦਾਇਗੀ ਬਾਰੇ ਗੱਲ ਕੀਤੀ ਸੀ। ਪਰ ਉਨ੍ਹਾਂ ਨੇ ਅੱਗਿਓਂ ਲੜਖੜਾਉਂਦੀ ਆਰਥਿਕਤਾ ਦਾ ਹਵਾਲਾ ਦੇ ਦਿੱਤਾ।


ਇਸ ਦੇ ਨਾਲ ਹੀ, ਇਸ ਅਧਿਕਾਰੀ ਨੇ ਮੋਦੀ ਸਰਕਾਰ ਖਿਲਾਫ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ, 'ਭੱਤਾ ਵਾਪਸ ਲੈਣ ਦਾ ਫੈਸਲਾ ਪ੍ਰਧਾਨ ਮੰਤਰੀ ਦੇ ਇਸ ਦਾਅਵੇ ਦੇ ਉਲਟ ਹੈ ਕਿ ਉਹ ਸੁਰੱਖਿਆ ਬਲਾਂ ਨੂੰ ਲੜਾਈ ਲਈ ਫਿਟ ਬਣਾਉਣ ਦੀ ਗੱਲ ਕਰਦੇ ਹਨ।


ਦੱਸ ਦਈਏ ਇਹ ਸਾਰੀਆਂ ਗੱਲਾਂ ਵਿਭਾਗੀ ਸੰਚਾਰ ਦੀ ਕਾਪੀ ਦੇ ਹਵਾਲੇ ਨਾਲ ਕੀਤੀਆਂ ਗਈਆਂ ਹਨ। ਰਿਪੋਰਟ ਦੇ ਅਨੁਸਾਰ ਇਹ ਵਿਭਾਗੀ ਸੰਚਾਰ ਵਿੱਚ ਕਾਪੀ ਵਿੱਚ ਲਿਖਿਆ ਹੋਇਆ ਹੈ, ਫਿਲਹਾਲ ਸੀਓਆਰ ਨਕਦ ਆਨ ਰਿਜ਼ਰਵ ਉਪਲਬਧ ਨਹੀਂ ਹੈ। ਅਜਿਹੀ ਸਥਿਤੀ ਵਿੱਚ ਸਤੰਬਰ ਵਿੱਚ ਰਾਸ਼ਨ ਭੱਤਾ ਦੇਣਾ ਸੰਭਵ ਨਹੀਂ ਹੈ। ਕਿਰਪਾ ਕਰਕੇ ਸਾਰੇ ਸਬੰਧਤ ਫੌਜੀਆਂ ਨੂੰ ਇਹ ਜਾਣਕਾਰੀ ਦੇ ਦਿਓ।