ਨਵੀਂ ਦਿੱਲੀ: ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਨੇ ਆਪਣੇ ਜਵਾਨਾਂ ਨੂੰ ਮੋਬਾਈਲ ਗੇਮ ਪਬਜੀ (PUBG) ਖੇਡਣ ਤੋਂ ਰੋਕ ਦਿੱਤਾ ਹੈ। ਸੁਰੱਖਿਆ ਬਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਖੇਡ ਜਵਾਨਾਂ ਨੂੰ ਲੋੜੀਂਦੀ ਨੀਂਦ ਨਹੀਂ ਲੈਣ ਦਿੰਦੀ ਤੇ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ।

ਦਿੱਲੀ ਸਥਿਤ ਸੀਆਰਪੀਐਫ ਦੇ ਉੱਚ ਅਧਿਕਾਰੀਆਂ ਮੁਤਾਬਕ ਇਸ ਖੇਡ ਨਾਲ ਜਵਾਨਾਂ ਵਿੱਚ ਮਿਲਵਰਤਣ ਤੇ ਇਕੱਠੇ ਵਿਚਰਨ ਦੀ ਆਦਤ ਘੱਟ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਜਵਾਨ ਪਬਜੀ ਖੇਡ ਦੇ ਆਦੀ ਹੋ ਗਏ ਹਨ, ਜਿਸ ਨਾਲ ਉਨ੍ਹਾਂ ਦੀ ਡਿਊਟੀ ਪ੍ਰਭਾਵਿਤ ਹੁੰਦੀ ਹੈ। ਇਸ ਦੇ ਨਾਲ ਹੀ ਪਬਜੀ ਖੇਡਣ ਵਾਲੇ ਜਵਾਨਾਂ ਵਿੱਚ ਵਧੇਰੇ ਗੁੱਸਾ ਤੇ ਹਮਲਾਵਰ ਪ੍ਰਵਿਰਤੀ ਵਿੱਚ ਵਾਧਾ ਦੇਖਿਆ ਗਿਆ।

ਸੀਆਰਪੀਐਫ ਨੇ ਪਿਛਲੇ ਦਿਨੀਂ ਆਪਣੇ ਜਵਾਨਾਂ ਨੂੰ ਕਿਹਾ ਕਿ ਸਾਰੇ ਜਵਾਨ ਆਪਣੇ ਮੋਬਾਈਲ ਫ਼ੋਨਾਂ ਵਿੱਚੋਂ ਪਬਜੀ ਗੇਮ ਨੂੰ ਡਿਲੀਟ ਕਰ ਦੇਣ। ਮੀਡੀਆ ਰਿਪੋਰਟਾਂ ਮੁਤਾਬਕ ਡਿਪਟੀ ਇੰਸਪੈਕਟਰ ਜਨਰਲ ਅਹੁਦੇ 'ਤੇ ਤਾਇਨਾਤ ਅਧਿਕਾਰੀ ਪਬਜੀ ਨੂੰ ਹਟਾਉਣਾ ਯਕੀਨੀ ਬਣਾਉਣਗੇ। ਕਿਤੇ ਕੋਈ ਲੁਕ-ਛਿਪ ਕੇ ਇਹ ਖੇਡ ਤਾਂ ਨਹੀਂ ਖੇਡ ਰਿਹਾ, ਅਜਿਹੇ ਵਿੱਚ ਅਧਿਕਾਰੀ ਜਵਾਨਾਂ ਦੇ ਮੋਬਾਈਲ ਫ਼ੋਨ ਦੀ ਜਾਂਚ ਵੀ ਕਰ ਸਕਦੇ ਹਨ।

ਪਬਜੀ (PUBG) ਗੇਮ ਪ੍ਰਤੀ ਸਕੂਲੀ ਬੱਚਿਆਂ ਦੀ ਬਣੀ ਚੁੰਬਕੀ ਖਿੱਚ ਤੋਂ ਸਾਰੇ ਜਾਣੂੰ ਹਨ, ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਦੀਆਂ ਮੁੱਖ ਸੁਰੱਖਿਆ ਏਜੰਸੀਆਂ ਵਿੱਚੋਂ ਇੱਕ ਨੇ ਇਸ ਖੇਡ ਨੂੰ ਆਪਣੇ ਜਵਾਨਾਂ ਲਈ ਵੀ ਘਾਤਕ ਮੰਨਿਆ ਹੈ।