Khargone News : ਮੱਧ ਪ੍ਰਦੇਸ਼  (Madhya Pradesh) ਦੇ ਖਰਗੋਨ  (Khargone) ਸ਼ਹਿਰ ਵਿਚ 10 ਅਪ੍ਰੈਲ ਨੂੰ ਰਾਮ ਨੌਮੀ ਦੇ ਜਲੂਸ ਦੌਰਾਨ ਪਥਰਾਅ ਅਤੇ ਅੱਗਜ਼ਨੀ ਤੋਂ ਬਾਅਦ ਲਗਾਇਆ ਗਿਆ ਕਰਫਿਊ 24 ਦਿਨਾਂ ਬਾਅਦ ਬੁੱਧਵਾਰ ਨੂੰ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਹਟਾ ਲਿਆ ਹੈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਕਿਹਾ ਕਿ ਮਨਾਹੀ ਦੇ ਹੁਕਮ (ਧਾਰਾ 144) ਅਤੇ ਹੋਰ ਸਾਰੀਆਂ ਪਾਬੰਦੀਆਂ ਵੀ ਹਟਾ ਦਿੱਤੀਆਂ ਗਈਆਂ ਹਨ।



ਐਸਡੀਐਮ ਨੇ ਕੀ ਜਾਣਕਾਰੀ ਦਿੱਤੀ

ਸ਼ਾਂਤੀ ਕਮੇਟੀ ਦੀ ਬੈਠਕ ਤੋਂ ਬਾਅਦ ਖਰਗੋਨ ਦੇ ਉਪ ਮੰਡਲ ਮੈਜਿਸਟਰੇਟ ਮਿਲਿੰਦ ਢੋਕੇ ਨੇ ਪੱਤਰਕਾਰਾਂ ਨੂੰ ਦੱਸਿਆ, ''ਪ੍ਰਸ਼ਾਸਨ ਨੇ ਬੁੱਧਵਾਰ ਨੂੰ ਸ਼ਾਂਤੀ ਕਮੇਟੀ ਦੀ ਬੈਠਕ ਬੁਲਾਈ, ਜਿਸ 'ਚ ਸਾਰੇ ਭਾਈਚਾਰਿਆਂ ਦੇ ਪ੍ਰਤੀਨਿਧ ਸ਼ਾਮਲ ਹੋਏ। ਸਾਰਿਆਂ ਦੀ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ 10 ਅਪ੍ਰੈਲ ਤੋਂ ਜਾਰੀ ਕੀਤੇ ਗਏ ਮਨਾਹੀ ਦੇ ਹੁਕਮ ਤੁਰੰਤ ਵਾਪਸ ਲਏ ਜਾਣ।

ਉਨ੍ਹਾਂ ਕਿਹਾ, “ਸੀਆਰਪੀਸੀ (ਕੋਡ ਆਫ ਕ੍ਰਿਮੀਨਲ ਪ੍ਰੋਸੀਜਰ) ਦੀ ਧਾਰਾ 144 ਤਹਿਤ ਲਾਗੂ ਮਨਾਹੀ ਦੇ ਹੁਕਮ ਅੱਜ ਤੋਂ ਖਤਮ ਹੋ ਗਏ ਹਨ। ਸਾਰੀਆਂ ਪਾਬੰਦੀਆਂ ਅਤੇ ਕਰਫਿਊ ਵਾਪਸ ਲੈ ਲਿਆ ਗਿਆ ਹੈ। 10 ਅਪ੍ਰੈਲ ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਹੋ ਗਈ ਹੈ।

ਖਰਗੋਨ ਵਿੱਚ ਕਦੋਂ ਹੋਈ ਸੀ ਫਿਰਕੂ ਹਿੰਸਾ  ?

ਖਰਗੋਨ ਕਸਬੇ ਵਿਚ 10 ਅਪ੍ਰੈਲ ਨੂੰ ਰਾਮ ਨੌਮੀ ਦੇ ਜਲੂਸ 'ਤੇ ਕਥਿਤ ਪੱਥਰਬਾਜ਼ੀ ਤੋਂ ਬਾਅਦ ਅੱਗਜ਼ਨੀ ਦੀਆਂ ਘਟਨਾਵਾਂ ਹੋਈਆਂ ਸਨ, ਜਿਸ ਵਿਚ ਦੁਕਾਨਾਂ, ਘਰਾਂ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਸੀ। ਇਸ ਤੋਂ ਬਾਅਦ ਪੂਰੇ ਸ਼ਹਿਰ 'ਚ ਕਰਫਿਊ ਲਗਾ ਦਿੱਤਾ ਗਿਆ ਸੀ। 14 ਅਪ੍ਰੈਲ ਤੋਂ ਸਥਾਨਕ ਪ੍ਰਸ਼ਾਸਨ ਕਰਫਿਊ 'ਚ ਕੁਝ ਘੰਟਿਆਂ ਲਈ ਢਿੱਲ ਦੇ ਰਿਹਾ ਸੀ। ਹਾਲਾਂਕਿ ਈਦ-ਉਲ-ਫਿਤਰ ਅਤੇ ਅਕਸ਼ੈ ਤ੍ਰਿਤੀਆ ਦੇ ਤਿਉਹਾਰ ਦੇ ਮੱਦੇਨਜ਼ਰ ਖਰਗੋਨ ਸ਼ਹਿਰ 'ਚ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਕਰਫਿਊ 'ਚ ਢਿੱਲ ਨਹੀਂ ਦਿੱਤੀ, ਜਿਸ ਕਾਰਨ ਲੋਕਾਂ ਨੇ ਇਹ ਦੋਵੇਂ ਤਿਉਹਾਰ ਘਰਾਂ 'ਚ ਹੀ ਮਨਾਏ।