Cyclone Asani: ਬੰਗਾਲ ਦੀ ਖਾੜੀ 'ਤੇ ਬਣੇ ਚੱਕਰਵਾਤੀ ਤੂਫਾਨ 'ਆਸਾਨੀ' ਦਾ ਅਸਰ ਆਂਧਰਾ ਪ੍ਰਦੇਸ਼, ਉੜੀਸਾ, ਤਾਮਿਲਨਾਡੂ, ਪੁਡੂਚੇਰੀ ਅਤੇ ਆਸ-ਪਾਸ ਦੇ ਰਾਜਾਂ 'ਚ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ, ਮੌਸਮ ਵਿਭਾਗ ਮੁਤਾਬਕ ਤੇਜ਼ ਹਵਾਵਾਂ ਨਾਲ ਮੀਂਹ ਪੈ ਰਿਹਾ ਹੈ। ਫਿਲਹਾਲ ਤੂਫਾਨ ਕਾਰਨ ਸੁਰੱਖਿਆ ਦੇ ਨਜ਼ਰੀਏ ਤੋਂ ਕਈ ਜਹਾਜ਼ਾਂ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਚੱਕਰਵਾਤੀ ਤੂਫਾਨ 'ਆਸਾਨੀ' ਵਿਸ਼ਾਖਾਪਟਨਮ ਤੋਂ ਲਗਭਗ 330 ਕਿਲੋਮੀਟਰ ਦੱਖਣ-ਦੱਖਣ-ਪੂਰਬ 'ਚ ਹੋਣ ਕਾਰਨ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਚੱਕਰਵਾਤੀ ਤੂਫਾਨ ਅਸਾਨੀ ਮੰਗਲਵਾਰ ਰਾਤ ਤੱਕ ਉੱਤਰ-ਪੱਛਮ ਵੱਲ ਵਧੇਗਾ। ਇਸ ਤੋਂ ਬਾਅਦ ਇਹ ਚੱਕਰਵਾਤ ਉੱਤਰ ਪੂਰਬ ਵੱਲ ਵਧਣ ਦੀ ਸੰਭਾਵਨਾ ਹੈ। 'ਅਸਾਨੀ' ਦੀਆਂ ਚੇਤਾਵਨੀਆਂ ਦੇ ਵਿਚਕਾਰ ਓਡੀਸ਼ਾ ਤੋਂ ਆਂਧਰਾ ਪ੍ਰਦੇਸ਼ ਤੱਕ ਦੀਆਂ ਰਾਜ ਸਰਕਾਰਾਂ ਅਲਰਟ 'ਤੇ ਹਨ।
ਮੌਸਮ ਵਿਭਾਗ ਮੁਤਾਬਕ ਚੱਕਰਵਾਤ 'ਆਸਾਨੀ' ਆਂਧਰਾ ਪ੍ਰਦੇਸ਼ ਦੇ ਤੱਟ ਵੱਲ ਵਧ ਰਿਹਾ ਹੈ, ਜਿਸ ਕਾਰਨ ਆਂਧਰਾ ਪ੍ਰਦੇਸ਼ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਇਹ ਤੂਫਾਨ ਬੁੱਧਵਾਰ ਸਵੇਰੇ ਕਾਕੀਨਾਡਾ ਜਾਂ ਵਿਸ਼ਾਖਾਪਟਨਮ ਨੇੜੇ ਪੱਛਮੀ-ਮੱਧ ਬੰਗਾਲ ਦੀ ਖਾੜੀ 'ਚ ਪਹੁੰਚ ਸਕਦਾ ਹੈ। ਵਿਸ਼ਾਖਾਪਟਨਮ ਵਿੱਚ ਆਈਐਨਐਸ ਦੇਗਾ ਅਤੇ ਚੇਨਈ ਨੇੜੇ ਆਈਐਨਐਸ ਰਾਜਲੀ ਨੂੰ ਪ੍ਰਭਾਵਿਤ ਖੇਤਰਾਂ ਦੇ ਹਵਾਈ ਸਰਵੇਖਣ ਲਈ ਅਤੇ ਲੋੜ ਪੈਣ 'ਤੇ ਰਾਹਤ ਅਤੇ ਬਚਾਅ ਕਾਰਜਾਂ ਲਈ ਨੇਵਲ ਏਅਰ ਸਟੇਸ਼ਨਾਂ 'ਤੇ ਤਿਆਰ ਰੱਖਿਆ ਗਿਆ ਹੈ।
ਆਂਧਰਾ ਪ੍ਰਦੇਸ਼ ਵਿੱਚ ਆਈਐਮਡੀ ਨੇ ਸੂਚਿਤ ਕੀਤਾ ਹੈ ਕਿ ਬੁੱਧਵਾਰ ਸਵੇਰੇ 8.30 ਵਜੇ ਤੱਕ ਸ਼੍ਰੀਕਾਕੁਲਮ, ਵਿਜ਼ਿਆਨਗਰਮ, ਵਿਸ਼ਾਖਾਪਟਨਮ, ਪੂਰਬੀ ਗੋਦਾਵਰੀ, ਕ੍ਰਿਸ਼ਨਾ, ਗੁੰਟੂਰ ਅਤੇ ਪੱਛਮੀ ਗੋਦਾਵਰੀ ਜ਼ਿਲ੍ਹਿਆਂ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ 60 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਦੀਆਂ ਹਵਾਵਾਂ ਨਾਲ ਤੇਜ਼ ਮੀਂਹ ਦੀ ਸੰਭਾਵਨਾ ਹੈ।