Cyclone Biparjoy : ਚੱਕਰਵਾਤ ਬਿਪਰਜੋਏ ਨੇ ਭਾਰਤ ਦੇ ਪੱਛਮੀ ਤੱਟ 'ਤੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੁੰਬਈ ਤੋਂ ਕੇਰਲ ਤੱਕ ਤੱਟ 'ਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਸਮੁੰਦਰ ਦੇ ਵਿਚਕਾਰੋਂ ਉੱਚੀਆਂ ਲਹਿਰਾਂ ਉੱਠ ਕੇ ਕਿਨਾਰੇ ਨਾਲ ਟਕਰਾ ਰਹੀਆਂ ਹਨ। ਤੂਫਾਨ ਦੀ ਸਥਿਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ (12 ਜੂਨ) ਨੂੰ ਇੱਕ ਵਜੇ ਮੀਟਿੰਗ ਬੁਲਾਈ ਹੈ, ਜਿਸ ਵਿੱਚ ਉਹ ਤਿਆਰੀਆਂ ਦਾ ਜਾਇਜ਼ਾ ਲੈਣਗੇ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।

 

ਬਿਪਰਜੋਏ ਐਤਵਾਰ ਨੂੰ ਇੱਕ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਬਦਲ ਗਿਆ ਸੀ। ਇਹ ਤੇਜ਼ੀ ਨਾਲ ਭਾਰਤ ਦੇ ਤੱਟ ਵੱਲ ਵਧ ਰਿਹਾ ਹੈ। ਹਾਲਾਂਕਿ ਇਸ ਦੇ 15 ਜੂਨ ਤੱਕ ਪਹੁੰਚਣ ਦਾ ਅੰਦਾਜ਼ਾ ਲਗਾਇਆ ਗਿਆ ਸੀ ਪਰ ਇਸ ਦਾ ਅਸਰ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਮੁੰਬਈ 'ਚ ਤੇਜ਼ ਹਵਾਵਾਂ ਕਾਰਨ ਫਲਾਈਟ ਸੰਚਾਲਨ 'ਚ ਵਿਘਨ ਪਿਆ ਹੈ।






ਗੁਜਰਾਤ ਵਿੱਚ ਔਰੇਂਜ ਅਲਰਟ


ਭਾਰਤੀ ਮੌਸਮ ਵਿਭਾਗ ਨੇ ਗੁਜਰਾਤ ਦੇ ਕੱਛ ਅਤੇ ਸੌਰਾਸ਼ਟਰ ਖੇਤਰ ਵਿੱਚ ਚੇਤਾਵਨੀ ਦੀ ਸਥਿਤੀ ਨੂੰ ਬਦਲਦੇ ਹੋਏ ਔਰੇਂਜ ਅਲਰਟ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਇੱਥੇ ਯੈਲੋ ਅਲਰਟ ਘੋਸ਼ਿਤ ਕੀਤਾ ਗਿਆ ਸੀ। ਬਿਪਰਜੋਏ ਦੇ 15 ਜੂਨ ਦੀ ਦੁਪਹਿਰ ਤੱਕ ਮਾਂਡਵੀ (ਗੁਜਰਾਤ) ਅਤੇ ਕਰਾਚੀ (ਪਾਕਿਸਤਾਨ) ਦੇ ਵਿਚਕਾਰ ਗੁਜਰਨ ਦੀ ਸੰਭਾਵਨਾ ਹੈ।

ਚੱਕਰਵਾਤ ਦੀ ਚੇਤਾਵਨੀ ਦੇ ਵਿਚਕਾਰ ਗੁਜਰਾਤ ਦੇ ਕੱਛ ਵਿੱਚ ਨੀਵੇਂ ਤੱਟਵਰਤੀ ਖੇਤਰਾਂ ਤੋਂ ਲੋਕਾਂ ਨੂੰ ਅਸਥਾਈ ਪਨਾਹਗਾਹਾਂ ਵਿੱਚ ਭੇਜਿਆ ਜਾ ਰਿਹਾ ਹੈ। ਨਿਊਜ਼ ਏਜੰਸੀ ਏਐਨਆਈ ਨੇ ਦੀਨਦਿਆਲ ਪੋਰਟ ਅਥਾਰਟੀ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਛੇ ਜਹਾਜ਼ ਐਤਵਾਰ (11 ਜੂਨ) ਨੂੰ ਬੰਦਰਗਾਹ ਤੋਂ ਰਵਾਨਾ ਹੋਏ ਅਤੇ 11 ਹੋਰ ਸੋਮਵਾਰ ਨੂੰ ਰਵਾਨਾ ਹੋਣਗੇ। ਬੰਦਰਗਾਹ ਅਧਿਕਾਰੀਆਂ ਅਤੇ ਜਹਾਜ਼ ਮਾਲਕਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ।

 

ਮੁੰਬਈ ਵਿੱਚ ਉਡਾਣਾਂ ਬੰਦ

ਖ਼ਰਾਬ ਮੌਸਮ ਕਾਰਨ ਮੁੰਬਈ ਏਅਰਪੋਰਟ 'ਤੇ ਫਲਾਈਟ ਸੰਚਾਲਨ 'ਚ ਦਿੱਕਤਾਂ ਆਈਆਂ ਹਨ। ਐਤਵਾਰ ਦੇਰ ਰਾਤ ਕਈ ਉਡਾਣਾਂ ਦੇਰੀ ਨਾਲ ਚੱਲੀਆਂ, ਜਦਕਿ ਕਈਆਂ ਨੂੰ ਰੱਦ ਕਰਨਾ ਪਿਆ। ਏਅਰ ਇੰਡੀਆ ਨੇ ਟਵੀਟ ਕੀਤਾ ਕਿ ਮੁੰਬਈ ਹਵਾਈ ਅੱਡੇ 'ਤੇ ਖਰਾਬ ਮੌਸਮ ਅਤੇ ਰਨਵੇ 09/27 ਦੇ ਅਸਥਾਈ ਤੌਰ 'ਤੇ ਬੰਦ ਹੋਣ ਕਾਰਨ ਸਾਡੀਆਂ ਕੁਝ ਉਡਾਣਾਂ ਲੇਟ ਅਤੇ ਰੱਦ ਹੋ ਗਈਆਂ ਹਨ। ਸਾਡੇ ਮਹਿਮਾਨਾਂ ਨੂੰ ਹੋਈ ਅਸੁਵਿਧਾ ਲਈ ਅਸੀਂ ਮੁਆਫੀ ਚਾਹੁੰਦੇ ਹਾਂ।