ਜੈਸਲਮੇਰ: ਰਾਜਸਥਾਨ ਵਿੱਚ ਜੈਸਲਮੇਰ ਦੇ ਰਾਮਾ ਪਿੰਡ ਵਿੱਚ ਕਥਿਤ ਤੌਰ 'ਤੇ ਪੰਜ ਗਧੇ ਚੋਰੀ ਕਰਨ ਵਾਲੇ ਤਿੰਨ ਦਲਿਤ ਵਿਅਕਤੀਆਂ ਦੀ ਕੁੱਟਮਾਰ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਸ਼ਨੀਵਾਰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਕ ਹੋਰ ਨੂੰ ਹਿਰਾਸਤ ਵਿੱਚ ਲਿਆ ਗਿਆ।


ਜੈਸਲਮੇਰ ਦੀ ਐਸਪੀ ਕਿਰਨ ਕੰਗ ਨੇ ਕਿਹਾ ਕਿ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਤਕਰੀਬਨ 16 ਲੋਕਾਂ 'ਤੇ ਤਿੰਨਾਂ ਨੂੰ ਕੁੱਟਣ ਦਾ ਦੋਸ਼ ਲਾਇਆ ਗਿਆ ਹੈ। ਤਾਜ਼ਾ ਵੀਡੀਓ ਬਾੜਮੇਰ ਤੇ ਨਾਗੌਰ ਵਿੱਚ ਦਲਿਤ ਆਦਮੀਆਂ 'ਤੇ ਅੱਤਿਆਚਾਰ ਦੀਆਂ ਦੋ ਅਜਿਹੀਆਂ ਵੀਡੀਓ ਤੋਂ ਬਾਅਦ ਆਇਆ ਹੈ।

ਕੰਗ ਨੇ ਕਿਹਾ ਕਿ, “ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਵੀਡੀਓ ਵਿੱਚ ਘਟਨਾ 15 ਫਰਵਰੀ ਦੀ ਹੈ, ਜੋ ਰਾਮਾ ਪਿੰਡ ਵਿੱਚ ਵਾਪਰੀ ਸੀ ਜੋ ਸੰਗੜ੍ਹ ਥਾਣੇ ਦੀ ਹੱਦ ਵਿੱਚ ਪੈਂਦਾ ਹੈ। ਤਿੰਨ ਵਿਅਕਤੀਆਂ ਦੀ ਪਛਾਣ ਗੇਨਾ ਰਾਮ, ਮੂਲਾ ਰਾਮ ਤੇ ਸੁਮੇਰਾ ਰਾਮ ਵਜੋਂ ਹੋਈ ਹੈ।

ਇਹ ਲੋਕ 15 ਫਰਵਰੀ ਦੀ ਰਾਤ ਨੂੰ ਰਾਮਾ ਪਿੰਡ ਤੋਂ ਪੰਜ ਗਧਿਆਂ ਨੂੰ ਚੋਰੀ ਕਰਕੇ ਦੇਵੀਕੋਟ ਪਿੰਡ ਜਾ ਰਹੇ ਸਨ। ਵਿਚਕਾਰ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ, ਕੁੱਟਿਆ ਤੇ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ। ”