ਯਮੁਨਾਨਗਰ: ਜ਼ਿਲ੍ਹੇ ਦੇ ਪਿੰਡ ਲਾਕੜ ਭੀਲਪੁਰ ਵਿੱਚ ਉਸ ਵੇਲੇ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਇੱਕ ਵਿਸ਼ੇਸ਼ ਸਮਾਜ ਦੇ ਕੁਝ ਲੋਕਾਂ ਵੱਲੋਂ ਪਿੰਡ ਦੇ ਹੀ ਦਲਿਤ ਸਮਾਜ ਦੇ ਲੋਕਾਂ ਦੀਆਂ ਝੌਂਪੜੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪਿੰਡ ਦੇ ਲੋਕ ਜਦ ਸ਼ਿਕਾਇਤ ਲੈ ਕੇ ਥਾਣੇ ਪੁੱਜੇ ਤਾਂ ਉਸ ਵਿਸ਼ੇਸ਼ ਸਮਾਜ ਦੇ ਲੋਕਾਂ ਨੇ ਦਲਿਤ ਸਮਾਜ ਦੇ ਘਰਾਂ ਅੰਦਰ ਦਾਖਲ ਹੋ ਕੇ ਔਰਤਾਂ ਦੇ ਕੱਪੜੇ ਪਾੜ ਦਿੱਤੇ। ਉਨ੍ਹਾਂ ਨੂੰ ਬੁਰੀ ਤਰਾਂ ਕੁੱਟਿਆ, ਜਿਸ ਤੋਂ ਬਾਅਦ ਪਿੰਡ ਵਿੱਚ ਤਣਾਅ ਪੈਦਾ ਹੋ ਗਿਆ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਯਮੁਨਾਨਗਰ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਤੋਂ ਪੁਲਿਸ ਫੋਰਸ ਪਿੰਡ ਪਹੁੰਚੀ ਤੇ ਪਿੰਡ ਦੀ ਸਥਿਤੀ 'ਤੇ ਕਾਬੂ ਪਾਇਆ। ਭੀਲਪੁਰ ਪਿੰਡ ਦੇ ਨਿਵਾਸੀ ਪਹਿਲ ਸਿੰਘ ਨੇ ਦੱਸਿਆ ਕਿ ਰਵਿਦਾਸ ਮੰਦਰ ਕੋਲ ਉਨ੍ਹਾਂ ਦੀਆਂ ਕੁਝ ਝੁੱਗੀਆਂ ਸਨ ਜੋ ਪਿੰਡ ਦੇ ਹੀ ਇੱਕ ਸਮਾਜ ਨਾਲ ਸਬੰਧਤ ਲੋਕਾਂ ਨੇ ਅੱਗ ਲਾ ਕੇ ਫੂਕ ਦਿੱਤੀਆਂ। ਜਦੋਂ ਉਨ੍ਹਾਂ ਲੋਕਾਂ ਨੂੰ ਅੱਗ ਲਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਧਮਕੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕਿਸੇ ਨੇ ਮਾਈਨਿੰਗ ਬਾਰੇ ਸ਼ਿਕਾਇਤ ਕੀਤੀ ਹੈ। ਇਸ ਲਈ ਇਹ ਅੱਗ ਲਾਈ ਗਈ ਹੈ। ਉਨ੍ਹਾਂ ਵੱਲੋਂ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ।
ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਬਲਰਾਜ ਸਿੰਘ ਨੇ ਦੱਸਿਆ ਕਿ ਸਥਿਤੀ ਕਾਬੂ ਵਿੱਚ ਹੈ। ਲੋਕਾਂ ਨੂੰ ਸਮਝਾ ਕੇ ਸ਼ਾਂਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।