Punjab News: ਪੰਜਾਬ ਮਨੁੱਖੀ ਤਸਕਰੀ ਦੀ ਹੱਬ ਬਣ ਗਿਆ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਰਾਜ ਸਭਾ ਵਿੱਚ ਖੁਲਾਸਾ ਕੀਤਾ ਹੈ ਕਿ ਗੈਰ-ਕਾਨੂੰਨੀ ਵਿਦੇਸ਼ ਭੇਜਣ ਦਾ ਮੁੱਖ ਕੇਂਦਰ ਪੰਜਾਬ ਹੀ ਹੈ। ਇਸ ਵੇਲੇ ਖੁੱਲ੍ਹੇਆਮ ਲੋਕਾਂ ਨੂੰ ਅਮਰੀਕਾ ਤੇ ਯੂਰਪ ਭੇਜਣ ਲਈ 50-50 ਲੱਖ ਰੁਪਏ ਵਸੂਲੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 2019 ਤੋਂ ਲੈ ਕੇ ਹੁਣ ਤੱਕ 3,053 ਜਾਅਲੀ ਟ੍ਰੈਵਲ ਏਜੰਟ ਫੜੇ ਗਏ ਹਨ। ਹਾਲਾਂਕਿ, ਅਸਲ ਗਿਣਤੀ ਬਹੁਤ ਜ਼ਿਆਦਾ ਦੱਸੀ ਜਾ ਰਹੀ ਹੈ ਕਿਉਂਕਿ ਜ਼ਿਆਦਾਤਰ ਪੀੜਤ ਡਰ ਜਾਂ ਸ਼ਰਮ ਦੇ ਕਾਰਨ ਰਿਪੋਰਟ ਹੀ ਨਹੀਂ ਕਰਦੇ। 

Continues below advertisement

ਉਨ੍ਹਾਂ ਨੇ ਕਿਹਾ ਕਿ ਫਰਵਰੀ 2025 ਵਿੱਚ ਅਮਰੀਕਾ ਨੇ 104 ਭਾਰਤੀਆਂ ਨੂੰ ਡਿਪੋਰਟ ਕੀਤਾ ਜਿਨ੍ਹਾਂ ਵਿੱਚੋਂ 30 ਪੰਜਾਬ ਦੇ ਹੀ ਸਨ। ਪੰਜਾਬ ਵਿੱਚ ਏਜੰਟ ਨੌਜਵਾਨਾਂ ਨੂੰ ਯੂਰਪ ਭੇਜਣ ਲਈ 15 ਲੱਖ ਵਸੂਲ ਕੇ ਪਹਿਲਾਂ ਮਾਲਟਾ ਵਿੱਚ ਵਰਕ ਵੀਜ਼ਾ ਦਵਾਉਂਦੇ ਹਨ। ਸ਼ੈਂਗੇਨ ਪਰਮਿਟ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਟਲੀ ਭੇਜਿਆ ਜਾਂਦਾ ਹੈ। ਉੱਥੇ ਕਾਮਿਆਂ ਨੂੰ 1,000-1,500 ਯੂਰੋ ਦੀ ਮਹੀਨਾਵਾਰ ਤਨਖਾਹ ਮਿਲਦੀ ਹੈ। ਰੋਮਾਨੀਆ ਤੇ ਸਰਬੀਆ ਵੀ ਵੱਡੇ ਡੰਕੀ ਰੂਟ ਹਨ, ਜਦੋਂ ਕਿ ਕਰੋਸ਼ੀਆ ਵਿੱਚ ਦੋ ਸਾਲਾਂ ਦਾ ਵਰਕ ਵੀਜ਼ਾ ਪ੍ਰਦਾਨ ਕਰਕੇ  ਇਟਲੀ ਭੇਜਿਆ ਜਾਂਦਾ ਹੈ।

ਉਧਰ, ਪੰਜਾਬ ਦੇ ਡੀਜੀਪੀ ਅਰਪਿਤ ਸ਼ੁਕਲਾ ਦਾ ਕਹਿਣਾ ਹੈ ਕਿ ਸ਼ਿਕਾਇਤਾਂ ਮਿਲਣ 'ਤੇ ਤੁਰੰਤ ਮਾਮਲੇ ਦਰਜ ਕੀਤੇ ਜਾ ਰਹੇ ਹਨ ਤੇ ਗੈਰ-ਕਾਨੂੰਨੀ ਏਜੰਟਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਵਿੱਚ ਵਿਦੇਸ਼ ਯਾਤਰਾ ਕਰਨ ਦੀ ਵਧਦੀ ਇੱਛਾ ਤੇ ਏਜੰਟਾਂ ਦੀਆਂ ਖਤਰਨਾਕ ਯੋਜਨਾਵਾਂ ਕਾਰਨ ਮਨੁੱਖੀ ਤਸਕਰੀ ਦਾ ਕਾਰੋਬਾਰ ਵਧ ਰਿਹਾ ਹੈ, ਜਿਸ ਨਾਲ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

Continues below advertisement

ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਸ਼ਿਕੰਜਾ ਕੱਸਣ ਕਰਕੇ ਨੌਜਵਾਨ ਧੜਾਧੜ ਡਿਪੋਰਟ ਹੋ ਰਹੇ ਹਨ। ਕੇਂਦਰ ਸਰਕਾਰ ਨੇ ਰਾਜ ਸਭਾ ਵਿੱਚ ਦੱਸਿਆ ਹੈ ਕਿ ਅਮਰੀਕਾ ਨੇ 2009 ਤੋਂ ਲੈ ਕੇ ਹੁਣ ਤੱਕ 18,822 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਹੈ। ਇਸ ਦੌਰਾਨ ਜਨਵਰੀ 2025 ਤੋਂ ਲੈ ਕੇ ਹੁਣ ਤੱਕ 3,258 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਰਾਜ ਸਰਕਾਰਾਂ ਤੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵੀ ਮਨੁੱਖੀ ਤਸਕਰੀ ਦੇ ਮਾਮਲਿਆਂ ਦੀ ਜਾਂਚ ਕੀਤੀ ਹੈ। ਸਰਕਾਰੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਮਨੁੱਖੀ ਤਸਕਰੀ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। 

ਵਿਦੇਸ਼ ਮੰਤਰੀ ਨੇ ਕਿਹਾ ਕਿ ਐਨਆਈਏ ਨੇ ਕੁਝ ਸਾਲ ਪਹਿਲਾਂ ਇੱਕ ਮਨੁੱਖੀ ਤਸਕਰੀ ਵਿਰੋਧੀ ਸੈੱਲ ਸਥਾਪਤ ਕੀਤਾ ਸੀ ਜੋ ਮਨੁੱਖੀ ਤਸਕਰੀ ਦੇ ਮਾਮਲਿਆਂ ਦੀ ਜਾਂਚ ਕਰਨ ਲਈ ਅਧਿਕਾਰਤ ਹੈ। ਰਾਜਾਂ ਨੇ ਵੀ ਅਜਿਹੇ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਹੈ। ਐਨਆਈਏ ਨੇ ਐਫਆਈਆਰ ਦਰਜ ਕੀਤੀਆਂ ਹਨ ਤੇ 27 ਮਨੁੱਖੀ ਤਸਕਰੀ ਦੇ ਮਾਮਲਿਆਂ ਦੀ ਜਾਂਚ ਕੀਤੀ ਹੈ, ਜਿਸ ਦੇ ਨਤੀਜੇ ਵਜੋਂ 169 ਗ੍ਰਿਫ਼ਤਾਰੀਆਂ ਹੋਈਆਂ ਹਨ ਤੇ 132 ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀਆਂ ਗਈਆਂ ਹਨ। ਐਨਆਈਏ ਨੇ 7 ਅਗਸਤ ਨੂੰ ਹਰਿਆਣਾ ਤੇ ਪੰਜਾਬ ਵਿੱਚ ਦੋ ਵੱਡੇ ਤਸਕਰਾਂ ਨੂੰ ਤੇ 2 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਦੋ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਵਿਦੇਸ਼ ਮੰਤਰੀ ਨੇ ਕਿਹਾ ਕਿ ਰਾਜਾਂ ਵਿੱਚੋਂ ਪੰਜਾਬ ਵਿੱਚ ਮਨੁੱਖੀ ਤਸਕਰੀ ਦੇ ਸਭ ਤੋਂ ਵੱਧ ਮਾਮਲੇ ਹਨ। ਪੰਜਾਬ ਸਰਕਾਰ ਨੇ ਇੱਕ ਐਸਆਈਟੀ ਤੇ ਇੱਕ ਐਸਆਈਟੀ ਬਣਾਈ ਹੈ। ਪੰਜਾਬ ਸਰਕਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 58 ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ ਵਿਰੁੱਧ 25 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਤੇ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਹਰਿਆਣਾ ਨੇ 2,325 ਮਾਮਲੇ ਤੇ 44 ਐਫਆਈਆਰ ਦਰਜ ਕੀਤੀਆਂ ਹਨ, ਜਿਸ ਦੇ ਨਤੀਜੇ ਵਜੋਂ 27 ਗ੍ਰਿਫ਼ਤਾਰੀਆਂ ਹੋਈਆਂ ਹਨ। 

ਗੁਜਰਾਤ ਨੇ ਇੱਕ ਪ੍ਰਮੁੱਖ ਤਸਕਰੀ ਕਰਨ ਵਾਲੇ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲਾ ਅਮਰੀਕੀ ਪੱਖ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਹੈ ਤਾਂ ਜੋ ਅਮਰੀਕੀ ICE/CBP ਦੇਸ਼ ਨਿਕਾਲੇ ਦੀ ਪ੍ਰਕਿਰਿਆ ਦੌਰਾਨ ਭਾਰਤੀ ਨਾਗਰਿਕਾਂ ਨਾਲ ਮਨੁੱਖੀ ਵਿਵਹਾਰ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੰਤਰਾਲੇ ਨੇ ਅਮਰੀਕੀ ਅਧਿਕਾਰੀਆਂ ਕੋਲ ਹੱਥਕੜੀਆਂ ਤੇ ਬੇੜੀਆਂ ਦੀ ਵਰਤੋਂ ਬਾਰੇ ਆਪਣਾ ਸਖ਼ਤ ਇਤਰਾਜ਼ ਦਰਜ ਕਰਵਾਇਆ ਹੈ, ਖਾਸ ਕਰਕੇ ਔਰਤਾਂ ਤੇ ਬੱਚਿਆਂ ਲਈ।