Whole family dies while drying towels on the wire: ਦਿਲ ਦਹਿਲਾ ਦੇਣ ਵਾਲੇ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਵਿਅਕਤੀ ਆਪਣਾ ਗਿੱਲਾ ਤੌਲੀਆ ਸੁਕਾਉਣ ਲਈ ਤਾਰ ਉਪਰ ਪਾ ਰਿਹਾ ਸੀ ਕਿ ਉਸ ਨੂੰ ਬਿਜਲੀ ਦਾ ਝਟਕਾ (electric shock) ਲੱਗਾ। ਇਸ ਤੋਂ ਬਾਅਦ ਉਸ ਦੀ ਪਤਨੀ ਬਚਾਉਣ ਲਈ ਆਈ ਤੇ ਉਸ ਨੂੰ ਵੀ ਕਰੰਟ ਲੱਗ ਗਿਆ। ਆਪਣੇ ਮਾਤਾ-ਪਿਤਾ ਨੂੰ ਇਸ ਹਾਲਤ 'ਚ ਦੇਖ ਕੇ ਉਨ੍ਹਾਂ ਦਾ ਬੇਟਾ ਵੀ ਮਦਦ ਲਈ ਪਹੁੰਚ ਗਿਆ ਪਰ ਉਹ ਵੀ ਬਿਜਲੀ ਦੇ ਕਰੰਟ ਦਾ ਸ਼ਿਕਾਰ ਹੋ ਗਿਆ। ਇਸ ਦਰਦਨਾਕ ਹਾਦਸੇ 'ਚ ਤਿੰਨਾਂ ਦੀ ਮੌਤ ਹੋ ਗਈ।


ਪਰਿਵਾਰ ਵਿੱਚ ਸਿਰਫ਼ ਧੀ ਹੀ ਬਚੀ ਹੈ


ਮਿਰਰ ਦੀ ਰਿਪੋਰਟ ਮੁਤਾਬਕ ਇਹ ਘਟਨਾ ਸੋਮਵਾਰ ਨੂੰ ਪੁਣੇ ਦੇ ਦੌਂਡ ਤਾਲੁਕਾ ਦੇ ਦਪੋਡੀ ਪਿੰਡ 'ਚ ਵਾਪਰੀ। ਇੱਥੇ ਇੱਕ ਪਰਿਵਾਰ ਟੀਨ ਦੀ ਛੱਤ ਵਾਲੇ ਘਰ ਵਿੱਚ ਰਹਿੰਦਾ ਸੀ ਤੇ ਉਨ੍ਹਾਂ ਦੇ ਘਰ ਦੇ ਨਾਲ ਹੀ ਇੱਕ ਬਿਜਲੀ ਦਾ ਖੰਭਾ ਸੀ। ਮੰਨਿਆ ਜਾ ਰਿਹਾ ਹੈ ਕਿ ਧਾਤੂ ਦੀ ਛੱਤ ਕਾਰਨ ਕਰੰਟ ਇਸ ਵਿੱਚ ਦਾਖਲ ਹੋਇਆ ਤੇ ਫਿਰ ਕੱਪੜੇ ਸੁੱਕਣ ਵਾਲੀ ਤਾਰ ਤੱਕ ਪਹੁੰਚ ਗਿਆ। ਪਰਿਵਾਰ ਵਿੱਚ ਸਿਰਫ਼ ਧੀ ਹੀ ਬਚੀ ਹੈ ਕਿਉਂਕਿ ਹਾਦਸਾ ਵਾਪਰਨ ਵੇਲੇ ਉਹ ਟਿਊਸ਼ਨ ਗਈ ਹੋਈ ਸੀ।



ਮ੍ਰਿਤਕਾਂ ਦੀ ਪਛਾਣ ਸੁਰਿੰਦਰ ਦੇਵੀਦਾਸ ਭਾਲੇਕਰ (44), ਉਸ ਦੀ ਪਤਨੀ ਆਦਿਕਾ ਸੁਰਿੰਦਰ ਭਾਲੇਕਰ (38) ਤੇ ਉਨ੍ਹਾਂ ਦੇ ਪੁੱਤਰ ਪ੍ਰਸਾਦ ਸੁਰਿੰਦਰ ਭਾਲੇਕਰ (17) ਵਜੋਂ ਹੋਈ ਹੈ। ਦੌਂਡ ਪੁਲਿਸ ਮੁਤਾਬਕ ਭਲੇਕਰ ਪਰਿਵਾਰ ਸੋਲਾਪੁਰ ਜ਼ਿਲ੍ਹੇ ਦਾ ਨਿਵਾਸੀ ਹੈ ਤੇ ਉਹ ਪਿਛਲੇ 5 ਸਾਲਾਂ ਤੋਂ ਦਪੋਡੀ 'ਚ ਰਹਿ ਰਿਹਾ ਸੀ। ਉਹ ਅਦਸੁਲ ਦੇ ਕਮਰੇ 'ਚ ਕਿਰਾਏ 'ਤੇ ਰਹਿ ਰਿਹਾ ਸੀ। 


ਇੱਥੇ ਬਹੁਤ ਸਾਰੇ ਲੋਕ ਕਿਰਾਏ 'ਤੇ ਰਹਿੰਦੇ ਹਨ। ਸੁਰਿੰਦਰ ਭਾਲੇਕਰ ਉਸਾਰੀ ਮਜ਼ਦੂਰ ਵਜੋਂ ਕੰਮ ਕਰਦਾ ਸੀ। ਉਨ੍ਹਾਂ ਦੇ ਦੋ ਪੁੱਤਰ ਤੇ ਇੱਕ ਬੇਟੀ ਹੈ। ਉਨ੍ਹਾਂ ਦਾ ਇੱਕ ਪੁੱਤਰ ਦੂਜੇ ਪਿੰਡ ਵਿੱਚ ਰਹਿੰਦਾ ਹੈ ਤੇ ਪ੍ਰਸਾਦ 12ਵੀਂ ਜਮਾਤ ਵਿੱਚ ਪੜ੍ਹਦਾ ਸੀ। ਆਦਿਕਾ ਪਿੰਡ ਭਲੇਕਰ ਦੇ ਖੇਤਾਂ ਵਿੱਚ ਕੰਮ ਕਰਦੀ ਸੀ।



ਘਰ ਵਿੱਚ ਬਿਜਲੀ ਦਾ ਕੁਨੈਕਸ਼ਨ ਸੀ ਤੇ ਘਰ ਦੇ ਅੰਦਰ ਦੀਆਂ ਤਾਰਾਂ ਧਾਤੂ ਦੀ ਛੱਤ ਦੇ ਸੰਪਰਕ ਵਿੱਚ ਆ ਗਈਆਂ। ਬਾਹਰ ਬਹੁਤ ਮੀਂਹ ਪੈ ਰਿਹਾ ਸੀ ਤੇ ਤੇਜ਼ ਹਵਾ ਚੱਲ ਰਹੀ ਸੀ। ਉਸੇ ਸਮੇਂ ਤਾਰਾਂ ਦੀ ਪਲਾਸਟਿਕ ਦੀ ਪਰਤ ਹਟ ਗਈ ਤੇ ਇਸ ਕਾਰਨ ਤਾਂਬੇ ਦੀ ਤਾਰ ਬਾਹਰ ਆ ਗਈ। ਇਹ ਛੱਤ ਤੋਂ ਬਿਜਲੀ ਦੇ ਸੰਪਰਕ ਵਿੱਚ ਆ ਗਈ। ਸਵੇਰੇ 7 ਵਜੇ ਦੇ ਕਰੀਬ ਇਸ਼ਨਾਨ ਕਰਨ ਤੋਂ ਬਾਅਦ ਸੁਰਿੰਦਰ ਭਾਲੇਕਰ ਆਪਣਾ ਤੌਲੀਆ ਸੁਕਾਉਣ ਲਈ ਬਾਹਰ ਗਿਆ। ਜਿਵੇਂ ਹੀ ਤੌਲੀਏ ਨੇ ਤਾਰ ਨੂੰ ਛੂਹਿਆ ਤਾਂ ਉਸ ਨੂੰ ਬਿਜਲੀ ਦਾ ਝਟਕਾ ਲੱਗਾ ਤੇ ਇਸ ਕਾਰਨ ਤਿੰਨਾਂ ਦੀ ਮੌਤ ਹੋ ਗਈ।