Delhi News: ਦਿੱਲੀ ਦੀਆਂ 11 ਸਿੰਘ ਸਭਾਵਾਂ ਵੱਲੋਂ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੁੰ ਸਮਰਪਿਤ ਪ੍ਰਭਾਤ ਫੇਰੀਆਂ ਬੀ ਬਲਾਕ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਦਫਤਰ ਵਿਖੇ ਸਮਾਪਤ ਹੋਈਆਂ।


ਇਸ ਮੌਕੇ ਹਰਮੀਤ ਸਿੰਘ ਕਾਲਕਾ ਤੇ ਉਹਨਾਂ ਦੇ ਪਰਿਵਾਰ ਨੇ ਪ੍ਰਭਾਤ ਫੇਰੀਆਂ ਵਿਚ ਪਹੁੰਚੀ ਸੰਗਤ ਨੂੰ ਜੀ ਆਇਆਂ ਕਿਹਾ। ਇਸ ਮੌਕੇ ਰਾਗੀ ਸਿੰਘਾਂ ਨੇ ਗੁਰੂ ਜੱਸ ਦਾ ਮਨੋਹਰ ਕੀਰਤਨ ਕੀਤਾ ਤੇ ਸਮਾਪਤੀ ’ਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।


ਇਸ ਮੌਕੇ ਹਰਮੀਤ ਸਿੰਘ ਕਾਲਕਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪਿਛਲੇ ਕਈ ਸਾਲਾਂ ਦੀ ਰਵਾਇਤ ਹੈ ਕਿ ਸਰਬੰਸਦਾਨੀ ਦਸਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਾਲਕਾ ਜੀ ਦੀਆਂ ਸਮੂੰਹ 11 ਸਿੰਘ ਸਭਾਵਾਂ ਵੱਲੋਂ ਕੀਰਤਨ ਗਾਇਨ ਕਰਦੇ ਹੋਏ ਪ੍ਰਭਾਤ ਫੇਰੀਆਂ ਦੀ ਸਮਾਪਤੀ 14/10 ਕਾਲਕਾ ਜੀ ਦਫ਼ਤਰ ਵਿਖੇ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਕਈ ਸਾਲਾਂ ਤੋਂ ਇਹ ਰਵਾਇਤ ਚਲ ਰਹੀ ਹੈ।


ਉਹਨਾਂ ਕਿਹਾ ਕਿ ਜੇਕਰ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗਾਥਾ ਦੱਸਣ ਲੱਗੀਏ ਤਾਂ ਕਈ ਕਈ ਸਾਲ ਲੱਗ ਜਾਣਗੇ। ਉਹਨਾਂ ਕਿਹਾ ਕਿ ਗੁਰੂ ਸਾਹਿਬ ਬਹੁਤ ਵੱਡੇ ਲਿਖਾਰੀ ਸਨ ਤੇ ਯੋਧੇ ਸਨ ਜਿਹਨਾਂ ਨੂੰ ਸੰਤ ਸਿਪਾਹੀ ਦਾ ਦਰਜਾ ਮਿਲਿਆ ਜੋ ਕਿਸੇ ਹੋਰ ਨੂੰ ਨਹੀਂ ਮਿਲਿਆ।


ਉਹਨਾਂ ਕਿਹਾ ਕਿ ਆਪਣੇ ਪਿਤਾ ਨੂੰ ਦੂਜੇ ਧਰਮ ਵਾਸਤੇ ਸ਼ਹਾਦਤ ਦੇਣ ਵਾਸਤੇ ਕਹਿਣਾ, ਆਪਣੇ ਬੱਚਿਆਂ ਦੀ ਸ਼ਹਾਦਤ ਦੇਣੀ ਤੇ ਆਪਣੇ ਸਿੰਘਾਂ ਤੇ ਪਰਿਵਾਰ ਵਿਚ ਕੋਈ ਫਰਕ ਨਾ ਰੱਖਣਾ ਇਹ ਸਭ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੀ ਕੀਤਾ ਹੈ ਤੇ ਦੁਨੀਆਂ ਵਿਚ ਹੋਰ ਕੋਈ ਵੀ ਅਜਿਹਾ ਨਹੀਂ ਕਰਸਕਿਆ।


ਕਾਲਕਾ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 1975 ਤੋਂ ਇਲਾਕੇ ਦੀਆਂ ਸੇਵਾਵਾਂ ਉਹਨਾਂ ਦੇ ਦਾਦਾ ਜੀ ਦੀ ਝੋਲੀ ਪਈਆਂ ਤੇ ਅੱਜ ਤੱਕ ਪਰਿਵਾਰ ਇਲਾਕੇ ਦੀ ਸੇਵਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਉਹ ਅੱਜ ਜਿਥੇ ਵੀ ਉਹ ਪਹੁੰਚੇ ਹਨ, ਉਹ ਸੰਗਤ ਦੇ ਆਸ਼ੀਰਵਾਦ ਸਦਕਾ ਹੀ ਸੰਭਵ ਹੋਇਆ ਹੈ।


ਇਸ ਮੌਕੇ ਹਰਮੀਤ ਸਿੰਘ ਕਾਲਕਾ ਦੇ ਪਿਤਾ ਦਲਜੀਤ ਸਿੰਘ ਨੇ ਇਲਾਕੇ ਦੇ ਕੌਂਸਲਰ ਯੋਗਿਤਾ ਨੂੰ ਸਿਰੋਪਾਓ ਬਖਸ਼ਿਸ਼ ਕਰ ਕੇ ਸਨਮਾਨਤ ਕੀਤਾ। ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।