ਨਵੀਂ ਦਿੱਲੀ: ਅੱਜ ਦੇ ਮਾਹੌਲ ਵਿਚ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਇਹ ਕਹਾਣੀ ਦੱਸਦੀ ਹੈ ਕਿ ਦੁਨੀਆਂ ਵਿਚ ਮਾਨਵਤਾ ਅਜੇ ਵੀ ਬਾਕੀ ਹੈ। ਹਰ ਕੋਈ ਦਿੱਲੀ ਦੇ ਰੈਡ ਲਾਈਟ ਖੇਤਰ ਬਾਰੇ ਜਾਣਦਾ ਹੈ। ਹਾਂ, ਅਸੀਂ ਗੱਲ ਕਰ ਰਹੇ ਹਾਂ ਜੀਬੀ ਰੋਡ ਦੀ, ਜੋ ਕਿ ਦਿੱਲੀ ਦੀ ਇੱਕ ਬਦਨਾਮ ਸੜਕ ਹੈ। ਇੱਥੇ ਲਗਭਗ 30 ਕੋਠੇ ਹਨ ਅਤੇ 2000 ਤੋਂ ਵੱਧ ਸੈਕਸ ਵਰਕਰ ਕੰਮ ਕਰਦੇ ਹਨ। ਜੋ ਇੱਥੇ ਦੇਹ ਵਪਾਰ ਕਰਦੇ ਹਨ ਅਤੇ ਆਪਣੇ ਬੱਚਿਆਂ ਦਾ ਪੇਟ ਪਾਲਦੇ ਹਨ।


ਇਹ ਕਹਾਣੀ ਉਸ ਔਰਤ ਦੀ ਹੈ ਜੋ ਲਗਭਗ 10 ਸਾਲ ਪਹਿਲਾਂ ਇਸ ਬਦਨਾਮ ਖੇਤਰ ਵਿੱਚ ਪਹੁੰਚੀ ਸੀ। ਇਸ ਔਰਤ ਦੀ ਇੱਕ 5 ਸਾਲ ਦੀ ਲੜਕੀ ਵੀ ਹੈ ਜੋ ਉਸਦੇ ਨਾਲ ਰਹਿੰਦੀ ਹੈ। ਪਰ ਉਹ ਔਰਤ ਨਹੀਂ ਚਾਹੁੰਦੀ ਸੀ ਕਿ ਉਸਦਾ ਬੱਚਾ ਇਸ ਗੰਦੇ ਵਾਤਾਵਰਣ ਵਿੱਚ ਉਸਦੇ ਨਾਲ ਰਹੇ।ਔਰਤ ਚਾਹੁੰਦੀ ਸੀ ਕਿ ਉਸਦਾ ਬੱਚਾ ਪੜ੍ਹ-ਲਿਖ ਕੇ ਸਭਿਅਕ ਸਮਾਜ ਦਾ ਹਿੱਸਾ ਬਣੇ। ਇਸ ਲਈ ਔਰਤ ਨੇ ਪੁਲਿਸ ਕੋਲ ਪਹੁੰਚ ਕੀਤੀ, ਇਸ ਆਸ ਵਿੱਚ ਕਿ ਉਸਨੂੰ ਕੁਝ ਮਦਦ ਮਿਲੇਗੀ।
ਡੀਸੀਪੀ ਸੰਜੇ ਭਾਟੀਆ ਨੇ ਕੀਤੀ ਮਦਦ
ਜਦੋਂ ਇਲਾਕੇ ਦੇ ਡੀਸੀਪੀ ਸੰਜੇ ਭਾਟੀਆ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਤੁਰੰਤ ਉਸ ਮਾਸੂਮ ਲੜਕੀ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲਈ। ਪਹਿਲਾਂ ਬਾਲ ਭਲਾਈ ਵਿਭਾਗ ਤੋਂ ਇਜਾਜ਼ਤ ਲਈ ਗਈ ਅਤੇ ਲੜਕੀ ਨੂੰ ਲਾਜਪਤ ਨਗਰ, ਦਿੱਲੀ ਦੇ ਕਸਤੂਰਬਾ ਗਾਂਧੀ ਬਾਲ ਨਿਕੇਤਨ (ਕੌਨਵੈਂਟ) ਭੇਜਿਆ ਗਿਆ। ਬਾਲ ਨਿਕੇਤਨ ਵਿੱਚ, ਲੜਕੀ ਪੰਜਵੀਂ ਤੱਕ ਪੜ੍ਹਾਈ ਕਰੇਗੀ ਅਤੇ ਉਸ ਤੋਂ ਬਾਅਦ ਜਦੋਂ ਤੱਕ ਬੱਚੀ ਬਾਲਗ ਨਹੀਂ ਹੋ ਜਾਂਦੀ ਉਦੋਂ ਤੱਕ ਪੁਲਿਸ ਉਸਦੀ ਪੜ੍ਹਾਈ ਦੀ ਸਾਰੀ ਜ਼ਿੰਮੇਵਾਰੀ ਲਵੇਗੀ।
ਪੁਲਿਸ ਚੁੱਕੇਗੀ ਪੜ੍ਹਾਈ ਦਾ ਸਾਰਾ ਖਰਚਾ
ਲੜਕੀ ਦੀ ਮਾਂ ਦੇ ਅਨੁਸਾਰ, ਜਦੋਂ ਤੋਂ ਲੜਕੀ ਬੋਲਣ ਲੱਗੀ ਹੈ, ਲੜਕੀ ਪੜ੍ਹਾਈ ਵਿਚ ਬਹੁਤ ਰੁਚੀ ਰੱਖਦੀ ਸੀ। ਇਕ ਦਿਨ ਲੜਕੀ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਇਕ ਡਾਕਟਰ ਬਣਨਾ ਚਾਹੁੰਦੀ ਹੈ। ਉਦੋਂ ਤੋਂ, ਬੱਚੀ ਦੀ ਮਾਂ ਨੇ ਫੈਸਲਾ ਲਿਆ ਕਿ ਕੁਝ ਵੀ ਕਰ ਕੇ, ਲੜਕੀ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ।ਲੰਬੇ ਸਮੇਂ ਤੋਂ ਇਹ ਸੈਕਸ ਵਰਕਰ ਲੜਕੀ ਦੀ ਪੜ੍ਹਾਈ ਲਈ ਕੋਸ਼ਿਸ਼ ਕਰ ਰਹੀ ਸੀ।ਜਿਸ ਕਿਸੇ ਨੂੰ ਵੀ ਮਦਦ ਲਈ ਪੁੱਛਿਆ ਤਾਂ ਲੋਕ ਜੀਬੀ ਰੋਡ ਦਾ ਨਾਮ ਸੁਣਦੇ ਹੀ ਆਪਣਾ ਮੂੰਹ ਮੋੜ ਲੈਂਦੇ ਸੀ। ਪਰ ਡੀਸੀਪੀ ਸੈਂਟਰਲ ਸੰਜੇ ਭਾਟੀਆ ਨੇ ਲੜਕੀ ਦਾ ਦਾਖਲਾ ਕਰਵਾ ਕੇ ਉਸਦੀ ਮਾਂ ਦੇ ਸੁਪਨੇ ਨੂੰ ਪੂਰਾ ਕੀਤਾ ਅਤੇ ਮਨੁੱਖਤਾ ਦੀ ਇੱਕ ਉੱਤਮ ਮਿਸਾਲ ਕਾਇਮ ਕੀਤੀ ਹੈ।