Swati Maliwal : ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਕਾਰ ਰਾਹੀਂ ਘਸੀਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਨਸ਼ੇ 'ਚ ਧੁੱਤ ਕਾਰ ਚਾਲਕ ਨੇ ਸਵਾਤੀ ਮਾਲੀਵਾਲ ਨੂੰ ਦਿੱਲੀ ਦੇ ਏਮਜ਼ ਦੇ ਗੇਟ ਨੰਬਰ ਦੋ ਦੇ ਸਾਹਮਣੇ 10 ਤੋਂ 15 ਮੀਟਰ ਤੱਕ ਘਸੀਟਿਆ ਹੈ। ਦਿੱਲੀ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ : 'ਮੈਂ ਕਿਸੇ ਤੋਂ ਨਹੀਂ ਡਰਦਾ', ਆਰੋਪਾਂ 'ਤੇ ਬੋਲੇ -ਬਾਗੇਸ਼ਵਰ ਧਾਮ ਵਾਲੇ ਧੀਰੇਂਦਰ ਸ਼ਾਸਤਰੀ - ਲੋਕਾਂ ਨੇ ਤਾਂ ਭਗਵਾਨ ਨੂੰ ਨਹੀਂ ਛੱਡਿਆ
ਦਿੱਲੀ ਪੁਲਿਸ ਮੁਤਾਬਕ ਇਹ ਘਟਨਾ ਸਵੇਰੇ 3.11 ਵਜੇ ਵਾਪਰੀ। ਏਮਜ਼ ਦੇ ਗੇਟ ਨੰਬਰ ਦੋ ਦੇ ਸਾਹਮਣੇ ਕਾਰ ਚਾਲਕ ਨੇ ਸਵਾਤੀ ਮਾਲੀਵਾਲ ਨੂੰ ਆਪਣੀ ਕਾਰ ਵਿੱਚ ਬੈਠਣ ਲਈ ਕਿਹਾ। ਜਦੋਂ ਮਾਲੀਵਾਲ ਉਸ ਨੂੰ ਝਿੜਕ ਰਹੀ ਸੀ ਤਾਂ ਕਾਰ ਚਾਲਕ ਹਰੀਸ਼ਚੰਦਰ ਨੇ ਕਾਰ ਦੀ ਵਿੰਡਸ਼ੀਲਡ ਉੱਚੀ ਕਰ ਦਿੱਤੀ। ਇਸ ਕਾਰਨ ਸਵਾਤੀ ਮਾਲੀਵਾਲ ਦਾ ਹੱਥ ਕਾਰ ਵਿੱਚ ਫਸ ਗਿਆ। ਇਸ ਤੋਂ ਬਾਅਦ ਕਾਰ ਚਾਲਕ ਉਸ ਨੂੰ 10 ਤੋਂ 14 ਮੀਟਰ ਤੱਕ ਘਸੀਟਦਾ ਲੈ ਗਿਆ।
ਪੁਲਿਸ ਮੁਤਾਬਕ 47 ਸਾਲਾ ਹਰੀਸ਼ਚੰਦਰ ਨਸ਼ੇ ਦੀ ਹਾਲਤ 'ਚ ਸੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਦੋਸ਼ੀ ਅਤੇ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ। ਘਟਨਾ ਉਸ ਸਮੇਂ ਵਾਪਰੀ, ਜਦੋਂ ਸਵਾਤੀ ਮਾਲੀਵਾਲ ਆਪਣੀ ਟੀਮ ਨਾਲ ਉਸੇ ਥਾਂ 'ਤੇ ਫੁੱਟਪਾਥ 'ਤੇ ਖੜ੍ਹੀ ਸੀ।