ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਵਿਕਾਸ ਪਰਿਸ਼ਦ ਦੀ ਚੋਣ ਦੇ ਨਤੀਜੇ ਲਗਪਗ ਆ ਗਏ ਹਨ। ਇਸ 'ਚ ਛੇ ਪਾਰਟੀਆਂ ਦੇ ਗੱਠਜੋੜ 'ਗੁਪਕਾਰ' ਨੂੰ ਬਹੁਮਤ ਮਿਲੀ ਹੈ। 280 ਵਿੱਚੋਂ 276 ਦੇ ਨਤੀਜੇ ਹੁਣ ਤੱਕ ਆ ਚੁੱਕੇ ਹਨ ਜਿਸ ਵਿੱਚ ਬੀਜੇਪੀ ਕੋਲ 74 ਸੀਟਾਂ ਹਨ। ਗੁਪਕਾਰ 'ਚ ਸ਼ਾਮਲ ਐਨਸੀ ਨੂੰ 67 ਤੇ ਪੀਡੀਪੀ ਨੂੰ 27 ਸੀਟਾਂ ਮਿਲੀ ਚੁੱਕੀਆਂ ਹਨ। ਕਾਂਗਰਸ ਕੋਲ 26 ਸੀਟਾਂ ਹਨ। ਗੁਪਕਾਰ ਗੱਠਜੋੜ ਸਭ ਤੋਂ ਅੱਗੇ ਹੈ ਪਰ ਇਸ ਦੌਰਾਨ ਬੀਜੇਪੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ।
DDC ਚੋਣਾਂ ਦਾ ਨਤੀਜਾ ਅਨੁਮਾਨ ਅਨੁਸਾਰ ਹੀ ਦਿਖਾਈ ਦਿੱਤਾ ਹੈ। ਜੰਮੂ ਖੇਤਰ ਵਿੱਚ ਭਾਜਪਾ ਮਜ਼ਬੂਤ ਦਿਖ ਰਹੀ ਹੈ, ਜਦੋਂਕਿ ਨੈਸ਼ਨਲ ਕਾਨਫਰੰਸ ਤੇ ਪੀਡੀਪੀ ਵਰਗੀਆਂ ਖੇਤਰੀ ਪਾਰਟੀਆਂ ਦਾ ਗੁਪਕਾਰ ਗੱਠਜੋੜ ਕਸ਼ਮੀਰ ਘਾਟੀ, ਜੰਮੂ ਦੇ ਪੀਰ ਪੰਜਾਲ ਤੇ ਚੇਨਾਬ ਖੇਤਰਾਂ ਵਿਚ ਮਜ਼ਬੂਤ ਹੈ। ਭਾਜਪਾ ਦਾ ਪ੍ਰਦਰਸ਼ਨ ਕਸ਼ਮੀਰ ਘਾਟੀ ਨਾਲੋਂ ਜੰਮੂ ਖੇਤਰ ਵਿੱਚ ਵਧੀਆ ਰਿਹਾ ਹੈ। ਗੁਪਕਾਰ ਗੱਠਜੋੜ ਡੀਡੀਸੀ ਦੀ ਚੋਣ ਨੂੰ ਧਾਰਾ 370 ਨੂੰ ਹਟਾਉਣ 'ਤੇ ਜਨਮਤ ਵਜੋਂ ਵੇਖ ਰਿਹਾ ਹੈ। ਵਾਦੀ ਵਿੱਚ ਭਾਜਪਾ ਨੂੰ ਪੂਰੀ ਤਰ੍ਹਾਂ ਨਕਾਰਿਆ ਗਿਆ ਹੈ।
ਮਹਿਬੂਬਾ ਮੁਫਤੀ ਨੇ DDC ਚੋਣ ਵਿੱਚ ਗੁਪਕਾਰ ਗੱਠਜੋੜ ਦੀ ਜਿੱਤ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, "ਜੰਮੂ ਕਸ਼ਮੀਰ ਦੇ ਲੋਕਾਂ ਨੇ ਆਪਣਾ ਜਵਾਬ ਦੇ ਦਿੱਤਾ ਹੈ।" ਇਸ ਦੇ ਨਾਲ ਹੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਇਤਿਹਾਸ ਲਿਖਿਆ ਗਿਆ ਹੈ। ਇੱਥੋਂ ਦੁਨੀਆਂ ਨੂੰ ਸੰਦੇਸ਼ ਗਿਆ ਹੈ, ਇਹ ਲੋਕਤੰਤਰ ਦੀ ਜਿੱਤ ਹੈ।
ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ, DDC ਦੀ ਚੋਣ 28 ਨਵੰਬਰ ਨੂੰ ਸ਼ੁਰੂ ਹੋਈ ਸੀ ਤੇ ਅੱਠ ਪੜਾਵਾਂ ਵਿੱਚ ਪੂਰੀ ਹੋਈ। ਅਗਸਤ 2019 ਵਿਚ ਸੰਵਿਧਾਨ ਦੀ ਧਾਰਾ 370 ਦੇ ਖਤਮ ਕੀਤੇ ਜਾਣ ਮਗਰੋਂ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰਾਜ ਦਾ ਦਰਜਾ ਖਤਮ ਹੋ ਗਿਆ ਸੀ ਜਿਸ ਤੋਂ ਬਾਅਦ ਰਾਜ ਵਿੱਚ ਇਹ ਪਹਿਲੀ ਚੋਣ ਹੈ।