ਨਵੀਂ ਦਿੱਲੀ: ਕਾਂਗਰਸ (Congress) ਦੇ ਨਵੇਂ ਪ੍ਰਧਾਨ ਬਾਰੇ ਮੁੜ ਚਰਚਾ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ (Rahul Gandhi) ਨੂੰ ਹੀ ਪਾਰਟੀ ਕਮਾਨ ਮੁੜ ਸੌਂਪਣ ਬਾਰੇ ਵਿਚਾਰਾਂ ਕਰ ਰਹੇ ਹਨ। ਰਾਹੁਲ ਵੀ ਪਿਛਲੇ ਕੁਝ ਸਮੇਂ ਤੋਂ ਮੁੜ ਸਰਗਰਮ ਹੋਏ ਹਨ। ਉਹ ਬਿਹਾਰ ਚੋਣਾਂ ਵਿੱਚ ਵੀ ਮੋਦੀ ਸਰਕਾਰ ਨੂੰ ਸਿੱਧੇ ਹੋ ਕੇ ਟੱਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ (All India Congress Committee) ਦੀ ਮੀਟਿੰਗ ਵਿੱਚ ਇਸ ਉੱਪਰ ਮੋਹਰ ਲੱਗ ਜਾਏਗੀ।

ਉਧਰ, ਕਾਂਗਰਸ ਪਾਰਟੀ ’ਚ ਜਥੇਬੰਦੀ ਨਾਲ ਸਬੰਧਤ ਫ਼ੈਸਲੇ ਲੈਣ ਵਾਲੀ ਸਰਬਉੱਚ ਕਮੇਟੀ ‘ਆਲ ਇੰਡੀਆ ਕਾਂਗਰਸ ਕਮੇਟੀ’ (AICC) ਦੀ ਅਗਲੀ ਬੈਠਕ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਸਾਰੇ AICC ਮੈਂਬਰਾਂ ਨੂੰ ਕਿਹਾ ਹੈ ਕਿ ਇਸ ਬੈਠਕ ਲਈ ਜਿਹੜੇ ਸ਼ਨਾਖ਼ਤੀ ਕਾਰਡ ਬਣਨਗੇ, ਉਸ ਲਈ ਪਾਸਪੋਰਟ ਆਕਾਰ ਦੀ ਤਸਵੀਰ, ਫ਼ੋਨ ਨੰਬਰ, -ਮੇਲ ਪਤਾ ਤੇ ਨਾਮ ਦੀ ਜਾਣਕਾਰੀ ਛੇਤੀ ਤੋਂ ਛੇਤੀ ਭੇਜੀ ਜਾਵੇ।

ਇਸ ਲਈ ਅਜਿਹਾ ਮੰਨਿਆ ਜਾ ਰਿਹਾ ਹੈ ਕਿ AICC ਦੀ ਅਗਲੀ ਬੈਠਕ ਵਿੱਚ ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਹੋ ਸਕਦੀ ਹੈ। ਪਿਛਲੀ ਬੈਠਕ ’ਚ ਇਹ ਤੈਅ ਕੀਤਾ ਗਿਆ ਸੀ ਕਿ 6 ਮਹੀਨਿਆਂ ਅੰਦਰ ਨਵੇਂ ਕਾਂਗਰਸ ਪ੍ਰਧਾਨ ਦੀ ਚੋਣ ਪ੍ਰਕਿਰਆ ਸ਼ੁਰੂ ਕੀਤੀ ਜਾਵੇਗੀ। ਮਧੂਸੂਦਨ ਮਿਸਤਰੀ ਨੇ ਸਾਰੇ ਮੈਂਬਰਾਂ ਨੂੰ ਕਿਹਾ ਹੈ ਕਿ AICC ਦੀ ਬੈਠਕ ਨੂੰ ਲੈ ਕੇ ਸਥਾਨ ਤੇ ਤਰੀਕ ਬਾਰੇ ਹਾਲੇ ਕੋਈ ਅੰਤਿਮ ਫ਼ੈਸਲਾ ਨਹੀਂ ਹੋਇਆ ਪਰ ਬੈਠਕ ਛੇਤੀ ਹੋਣ ਵਾਲੀ ਹੈ।

ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਉਦੋਂ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਪਾਰਟੀ ਦੀ ਅੰਤ੍ਰਿਮ ਪ੍ਰਧਾਨ ਬਣਾਇਆ ਗਿਆ ਸੀ।

ਪਾਰਟੀ ਦੇ ਅੰਦਰ ਕੁਝ ਸੀਨੀਅਰ ਆਗੂ ਪਹਿਲਾਂ ਹੀ ਕੋਈ ਪੱਕਾ ਪਾਰਟੀ–ਪ੍ਰਧਾਨ ਬਣਾਉਣ ਦੀ ਮੰਗ ਉਠਾ ਚੁੱਕੇ ਹਨ। ਹੁਣ ਮਧੂਸੂਦਨ ਮਿਸਤਰੀ ਵੱਲੋਂ AICC ਦੀ ਬੈਠਕ ਸੱਦਣ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਆਪਣੇ ਪੱਕੇ ਪ੍ਰਧਾਨ ਦੀ ਚੋਣ ਕਰਨ ਦੀਆਂ ਤਿਆਰੀਆਂ ’ਚ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904