ਚੰਡੀਗੜ੍ਹ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਨੇ ਮੰਨਿਆ ਹੈ ਕਿ ਭਾਰਤ ਹੁਣ ਬਾਲਾਕੋਟ ਤੋਂ ਵੀ ਵੱਡੀ ਕਾਰਵਾਈ ਕਰਨ ਦੀ ਯੋਜਨਾ ਉਲੀਕ ਰਿਹਾ ਹੈ। ਇਸ ਦਾ ਮਲਤਬ ਪਾਕਿਸਤਾਨ ਨੇ ਮੰਨ ਲਿਆ ਹੈ ਕਿ ਭਾਰਤ ਨੇ ਬਾਲਾਕੋਟ ਵਿੱਚ ਕੀ ਕੀਤਾ ਸੀ। ਉਨ੍ਹਾਂ ਕਿਹਾ ਕਿ ਗੁਆਂਢੀ ਬਹੁਤ ਡਰਿਆ ਹੋਇਆ ਹੈ ਅਤੇ ਹੁਣ ਪਾਕਿਸਤਾਨ ਨਾਲ ਸਿਰਫ "ਗ਼ੁਲਾਮ ਕਸ਼ਮੀਰ" ਬਾਰੇ ਗੱਲਬਾਤ ਹੋਵੇਗੀ।


ਰੱਖਿਆ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦਾ ਵਿਕਾਸ ਯਕੀਨੀ ਬਣਾਉਣ ਲਈ ਉੱਥੋਂ ਧਾਰਾ-370 ਖ਼ਤਮ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਦ ਪਾਕਿਸਤਾਨ ਦੁਨੀਆ ਦੇ ਵੱਖੋ-ਵੱਖਰੇ ਦੇਸ਼ਾਂ ਦੇ ਬੂਹੇ ਖੜਕਾ ਕੇ ਆਖ ਰਿਹਾ ਹੈ ਕਿ ਇਹ ਧਾਰਾ ਖ਼ਤਮ ਕਰ ਕੇ ਭਾਰਤ ਨੇ ਗ਼ਲਤੀ ਕੀਤੀ ਹੈ।


ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਸਿਰਫ਼ ਤਦ ਹੀ ਸੰਭਵ ਹੈ, ਜਦੋਂ ਉਹ ਦਹਿਸ਼ਤਗਰਦੀ ਨੂੰ ਹਮਾਇਤ ਦੇਣਾ ਛੱਡ ਦੇਵੇਗਾ। ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣਾ 56 ਇੰਚ ਦੀ ਛਾਤੀ ਸਾਰਿਆਂ ਨੂੰ ਦਿਖਾ ਦਿੱਤੀ ਹੈ। ਹੁਣ ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਬੌਖਲਾ ਚੁੱਕਿਆ ਹੈ ਤੇ ਉਹ ਅੱਤਵਾਦ ਨਾਲ ਭਾਰਤ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।