Amanatullah Khan Arrested : ਭ੍ਰਿਸ਼ਟਾਚਾਰ ਰੋਕੂ ਬਿਊਰੋ (ACB) ਨੇ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਅਮਾਨਤੁੱਲਾ ਖਾਨ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਦਿੱਲੀ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ACB) ਨੇ ਖਾਨ ਦੇ ਘਰ ਅਤੇ ਉਸ ਦੇ ਹੋਰ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਖ਼ਾਨ ਦੇ ਕਰੀਬੀਆਂ ਦੇ ਘਰੋਂ 12 ਲੱਖ ਰੁਪਏ ਅਤੇ ਕਾਰਤੂਸ ਸਮੇਤ ਇੱਕ ਗ਼ੈਰ-ਲਾਇਸੈਂਸੀ ਹਥਿਆਰ ਬਰਾਮਦ ਕੀਤਾ ਗਿਆ ਸੀ। ਇਸ ਦੇ ਆਧਾਰ 'ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।



ਏਸੀਬੀ ਦਿੱਲੀ ਵਕਫ਼ ਬੋਰਡ ਵਿੱਚ ਭਰਤੀ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ। ਏਸੀਬੀ ਨੇ ਵੀਰਵਾਰ ਨੂੰ ਖਾਨ ਨੂੰ ਦੋ ਸਾਲ ਪੁਰਾਣੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ ਸੀ। ਓਖਲਾ ਖੇਤਰ ਦੇ ਵਿਧਾਇਕ ਖਾਨ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ 2020 ਵਿੱਚ ਦਰਜ ਇੱਕ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਪੁੱਛਗਿੱਛ ਲਈ ਬੁਲਾਇਆ ਗਿਆ ਸੀ।

ਇਸ ਤੋਂ ਪਹਿਲਾਂ ਏਸੀਬੀ ਨੇ ਉਪ ਰਾਜਪਾਲ ਦੇ ਸਕੱਤਰੇਤ ਨੂੰ ਪੱਤਰ ਲਿਖ ਕੇ ਖਾਨ ਨੂੰ ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾਉਣ ਦੀ ਬੇਨਤੀ ਕੀਤੀ ਸੀ। ਏਸੀਬੀ ਨੇ ਪੱਤਰ ਵਿੱਚ ਦਾਅਵਾ ਕੀਤਾ ਸੀ ਕਿ ਖਾਨ ਨੇ ਆਪਣੇ ਖ਼ਿਲਾਫ਼ ਕੇਸ ਵਿੱਚ ਗਵਾਹਾਂ ਨੂੰ ਡਰਾ ਧਮਕਾ ਕੇ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ।

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਨੇ ਅਮਾਨਤੁੱਲਾ ਖ਼ਾਨ ਖ਼ਿਲਾਫ਼ ਦਰਜ ਕੇਸ ਨੂੰ ਫਰਜ਼ੀ ਦੱਸਿਆ ਹੈ। 'ਆਪ' ਨੇ ਕਿਹਾ, ''ਖਾਨ ਨੂੰ ਬੇਬੁਨਿਆਦ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਛਾਪੇਮਾਰੀ ਦੌਰਾਨ ਉਸ ਦੀ ਰਿਹਾਇਸ਼ ਜਾਂ ਦਫ਼ਤਰ ਤੋਂ ਕੁਝ ਵੀ ਨਹੀਂ ਮਿਲਿਆ। ਇਹ ਵਿਧਾਇਕ ਨੂੰ ਝੂਠੇ ਕੇਸ ਵਿੱਚ ਫਸਾਉਣ ਅਤੇ ਸਾਡੀ ਪਾਰਟੀ ਨੂੰ ਬਦਨਾਮ ਕਰਨ ਦੀ ਨਵੀਂ ਸਾਜ਼ਿਸ਼ ਹੈ।

ਕੀ ਬੋਲੇ ਅਮਾਨਤੁੱਲਾ ਖਾਨ ?

ਦਿੱਲੀ ਵਕਫ ਬੋਰਡ ਦੇ ਚੇਅਰਮੈਨ ਖਾਨ ਨੇ ਨੋਟਿਸ ਬਾਰੇ ਟਵੀਟ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਤਲਬ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਵਕਫ ਬੋਰਡ ਦਾ ਨਵਾਂ ਦਫਤਰ ਸਥਾਪਿਤ ਕੀਤਾ ਹੈ। ਸ਼ਾਮ 4 ਵਜੇ ਦੇ ਕਰੀਬ ਅਮਾਨਤੁੱਲਾ ਖਾਨ ਨੇ ਟਵੀਟ ਕਰਕੇ ਕਿਹਾ, ''ਮੈਨੂੰ ਪੁੱਛਗਿੱਛ ਲਈ ਏਸੀਬੀ ਦਫਤਰ ਬੁਲਾਇਆ ਗਿਆ ਅਤੇ ਮੇਰੇ ਪਰਿਵਾਰ ਨੂੰ ਪਿੱਛੇ ਤੋਂ ਤਸੀਹੇ ਦੇਣ ਲਈ ਦਿੱਲੀ ਪੁਲਿਸ ਨੂੰ ਭੇਜਿਆ ਗਿਆ।