IGI Airport: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI) ਨੂੰ ਪ੍ਰਮਾਣੂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਦਿੱਲੀ ਪੁਲਿਸ ਨੇ ਸੋਮਵਾਰ (8 ਅਪ੍ਰੈਲ) ਨੂੰ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ 5 ਅਪ੍ਰੈਲ ਨੂੰ ਦਿੱਲੀ ਦੇ ਆਈਜੀਆਈ ਹਵਾਈ ਅੱਡੇ 'ਤੇ ਜਹਾਜ਼ 'ਚ ਸਵਾਰ ਹੋਣ ਤੋਂ ਪਹਿਲਾਂ ਯਾਤਰੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸ ਦੌਰਾਨ ਦੋ ਯਾਤਰੀਆਂ ਨੇ ਸੁਰੱਖਿਆ ਕਰਮਚਾਰੀਆਂ ਨੂੰ ਹਵਾਈ ਅੱਡੇ ਨੂੰ ਪ੍ਰਮਾਣੂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਏਅਰਪੋਰਟ 'ਤੇ ਖਲਬਲੀ ਮੱਚ ਗਈ।


ਪੁਲਿਸ ਨੇ ਦੱਸਿਆ ਕਿ ਦੋਵਾਂ ਯਾਤਰੀਆਂ ਨੂੰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਿੱਲੀ ਪੁਲਿਸ ਨੇ ਅੱਗੇ ਦੱਸਿਆ ਕਿ ਦੋਵਾਂ ਖਿਲਾਫ ਹਵਾਈ ਅੱਡਾ ਪੁਲਿਸ ਸਟੇਸ਼ਨ 'ਚ ਧਾਰਾ 182/505 (1)ਬੀ ਤਹਿਤ ਐਫਆਈਆਰ ਦਰਜ ਕੀਤੀ ਹੈ। ਹਾਲਾਂਕਿ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਅਲਰਟ ਹੋ ਗਈ ਹੈ। IGI ਹਵਾਈ ਅੱਡਾ ਦੇਸ਼ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਹੈ ਤੇ ਦੁਨੀਆ ਦੇ ਕਈ ਵੱਡੇ ਸ਼ਹਿਰਾਂ ਨੂੰ ਰਾਜਧਾਨੀ ਨਾਲ ਜੋੜਦਾ ਹੈ।



ਫਰਵਰੀ 'ਚ ਵੀ ਏਅਰਪੋਰਟ ਨੂੰ ਉਡਾਉਣ ਦੀ ਮਿਲੀ ਸੀ ਧਮਕੀ 
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਜਦੋਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਅਜਿਹੀਆਂ ਧਮਕੀਆਂ ਪਹਿਲਾਂ ਵੀ ਦਿੱਤੀਆਂ ਜਾ ਚੁੱਕੀਆਂ ਹਨ। ਇਸ 'ਚ ਤਾਜ਼ਾ ਘਟਨਾ ਫਰਵਰੀ ਦੀ ਹੈ, ਜਦੋਂ ਕੋਲਕਾਤਾ ਜਾਣ ਵਾਲੀ ਫਲਾਈਟ 'ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। 27 ਫਰਵਰੀ ਨੂੰ ਤੜਕੇ ਹਵਾਈ ਅੱਡੇ 'ਤੇ ਫੋਨ ਆਇਆ ਕਿ ਕੋਲਕਾਤਾ ਜਾਣ ਵਾਲੀ ਫਲਾਈਟ 'ਚ ਬੰਬ ਰੱਖਿਆ ਗਿਆ ਹੈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਫੌਰੀ ਤੌਰ 'ਤੇ ਹਵਾਈ ਅੱਡੇ ਸਮੇਤ ਜਹਾਜ਼ ਦੀ ਜਾਂਚ ਕੀਤੀ, ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਬਾਅਦ ਵਿੱਚ ਪਤਾ ਲੱਗਾ ਕਿ ਕਿਸੇ ਨੇ ਬੰਬ ਹੋਣ ਦੀ ਝੂਠੀ ਖ਼ਬਰ ਦਿੱਤੀ ਸੀ। 


ਡੀਸੀਪੀ ਆਈਜੀਆਈ ਊਸ਼ਾ ਰੰਗਨਾਨੀ ਨੇ ਕਿਹਾ ਸੀ, "ਆਈਜੀਆਈ ਏਅਰਪੋਰਟ ਨੂੰ ਦਿੱਲੀ ਤੋਂ ਕੋਲਕਾਤਾ ਜਾਣ ਵਾਲੀ ਫਲਾਈਟ ਨੂੰ ਲੈ ਕੇ ਬੰਬ ਦੀ ਧਮਕੀ ਵਾਲੀ ਕਾਲ ਮਿਲੀ ਸੀ। ਇਹ ਫਲਾਈਟ ਏਅਰਪੋਰਟ ਤੋਂ ਰਵਾਨਾ ਹੋਣ ਵਾਲੀ ਸੀ। ਹਾਲਾਂਕਿ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕਾਲ ਫਰਜ਼ੀ ਸੀ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ ਸੀ।" ਇਸ ਸਬੰਧੀ ਕੇਸ ਵੀ ਦਰਜ ਕੀਤਾ ਗਿਆ ਸੀ।